ਰਘਬਿੰਦਰ ਸਿੰਘ/ਸਰਬੱਤ ਸਿੰਘ ਕੰਗ, ਨਡਾਲਾ, ਬੇਗੋਵਾਲ

ਬੀਤੀ ਰਾਤ ਚੋਰਾਂ ਨੇ ਮੇਨ ਬਾਜ਼ਾਰ ਅੱਡਾ ਨਡਾਲਾ ਦੀ ਇੱਕ ਮਨਿਆਰੀ ਵਾਲੀ ਦੁਕਾਨ ਤੇ ਧਾਵਾ ਬੋਲ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਨਡਾਲਾ 'ਚ ਇਕ ਹਫਤਾ ਪਹਿਲਾ ਸ਼ੁਰੂ ਕੀਤੀ 'ਸੁਰੱਖਿਅਤ ਸ਼ਹਿਰ ਯੋਜਨਾ' ਤੇ ਰਾਤਰੀ ਪਹਿਰੇ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ। ਇਸ ਘਟਨਾ ਨੇ ਰਾਤਰੀ ਪੀਸੀਆਰ ਗਸ਼ਤ ਤੇ ਰਾਤਰੀ ਪਹਿਰੇ ਤੇ ਸਵਾਲੀਆ ਚਿੰਨ ਲਗਾ ਦਿੱਤਾ ਹੈ। ਇਸ ਸਬੰਧੀ ਸਬੰਧਤ ਦੁਕਾਨਦਾਰ ਗੁਲਸ਼ਨ ਗਿਫਟ ਸੈਂਟਰ ਦੇ ਮਾਲਕ ਗੁਰਮੇਜ ਸਿੰਘ ਪੁੱਤਰ ਬਲਕਾਰ ਚੰਦ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਰਾਤ 8 ਵਜੇ ਦੁਕਾਨ ਬੰਦ ਕਰ ਕੇ ਗਏ ਸਨ। ਤਾਂ ਸਵੇਰੇ 7:30 ਵਜੇ ਨੇੜਲੇ ਦੁਕਾਨਦਾਰ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਤੁਹਾਡੀ ਦੁਕਾਨ ਦੇ ਜਿੰਦਰੇ ਟੁੱਟੇ ਹੋਏ ਹਨ ਅਤੇ ਸ਼ਟਰ ਵੀ ਚੁਕਿਆ ਹੋਇਆ ਹੈ ਜਦ ਅਸੀ ਆ ਕੇ ਦੇਖਿਆ ਤਾਂ ਵਿਆਹ ਸ਼ਾਦੀਆ ਲਈ ਤਿਆਰ ਕਰ ਰੱਖੇ ਨੋਟਾਂ ਵਾਲੇ ਤਕਰੀਬਨ 5 ਹਜ਼ਾਰ ਰੁਪਏ ਦੇ ਮਿਕਸ ਹਾਰ ਅਤੇ ਹਾਰ ਬਨਾਉਣ ਵਾਸਤੇ ਰੱਖੀ 5 ਹਜ਼ਾਰ ਦੀ ਨਕਦੀ ਗਾਇਬ ਸੀ। ਇਸ ਤੋ ਇਲਾਵਾ ਸਭ ਸੁਰਖਿਅਤ ਪਾਇਆ ਗਿਆ। ਉਹਨਾੱ ਦੱਸਿਆ ਕਿ ਇਸ ਸਬੰਧੀ ਨਡਾਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੀੜਤ ਅਤੇ ਮੇਨ ਬਜਾਰ ਦੇ ਦੁਕਾਨਦਾਰਾ ਨੇ ਮੰਗ ਕੀਤੀ ਹੈ ਕਿ ਰਾਤ ਨੂੰ ਪਹਿਰਾ ਦਿੰਦੇ ਪਹਿਰੇਦਾਰ 11 ਤੋ 4 ਵਜੇ ਤੱਕ ਹੀ ਡਿਊਟੀ ਦਿੰਦੇ ਹਨ ਹੁਣ ਰਾਤਾਂ ਲੰਮੀਆਂ ਹੋਣ ਕਰਕੇ ਇਹਨਾਂ ਦੇ ਡਿਊਟੀ ਸਮੇਂ ਵਿੱਚ ਵਾਧਾ ਕੀਤਾ ਜਾਵੇ। ਉਧਰ ਦੂਜੇ ਪਾਸੇ ਪਿੰਡ ਖਾਨਪੁਰ ਤੋ ਕਸ਼ਮੀਰ ਸਿੰਘ ਨੇ ਘਰ ਵਿੱਚ ਹੋਈ 15 ਤੋਲੇ ਸੋਨਾ ਤੇ 18 ਹਜ਼ਾਰ ਦੀ ਨਗਦੀ ਦੀ ਚੋਰੀ ਬਾਰੇ ਦੱਸਿਆ ਕਿ ਇਕ ਮਹੀਨਾ ਬੀਤ ਜਾਣ ਤੇ ਪੁਲਿਸ ਅਜੇ ਚੋਰਾਂ ਦਾ ਪਤਾ ਨਹੀ ਲਗਾ ਸਕੀ ਹੈ । ਜਿਕਰਯੋਗ ਹੈ ਕਿ ਜ਼ਿਲਾ ਪੁਲਿਸ ਪ੍ਰਸ਼ਾਸ਼ਨ ਨੇ ਅਜੇ ਇੱਕ ਹਫਤਾ ਪਹਿਲਾ ਹੀ ਹਲਕਾ ਭੁਲੱਥ ਵਿੱਚ ਸੇਫ ਸਿਟੀ ਯੋਜਨਾ ਤਹਿਤ ਪੰਜ ਹਾਈਟੈੱਕ ਪੀਸੀਆਰ ਮੋਟਰਸਾਈਕਲ ਤੇ ਇਕ ਚਾਰ ਪਹੀਆ ਵਾਹਨ ਡਿਊਟੀ ਲਈ ਤਾਇਨਾਤ ਕੀਤੇ ਹਨ।