ਅਮਰ ਪਾਸੀ, ਫਗਵਾੜਾ

ਫਗਵਾੜਾ ਦੇ ਪਲਾਹੀ ਰੋਡ 'ਤੇ ਸਥਿਤ ਗ੍ਰੀਨ ਐਵੇਨਿਊ ਕਾਲੋਨੀ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਹੁਰੇ ਵੱਲੋਂ ਗੁੱਸੇ 'ਚ ਆ ਕੇ ਆਪਣੀ ਨੂੰਹ ਦੇ ਪਰਿਵਾਰ ਉੱਪਰ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਮੌਕੇ 'ਤੇ ਹੀ ਨੂੰਹ ਦੀ ਭੈਣ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦਾ ਪਿਤਾ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਭੇਜਿਆ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਦੇ ਐੱਸਪੀ ਸਰਬਜੀਤ ਸਿੰਘ ਬਾਹੀਆ ਡੀਐੱਸਪੀ ਪਰਮਜੀਤ ਸਿੰਘ ਤੇ ਥਾਣਾ ਸਦਰ ਦੇ ਐੱਸਐੱਚਓ ਮੌਕੇ 'ਤੇ ਪਹੁੰਚੇ। ਜਾਣਕਾਰੀ ਅਨੁਸਾਰ ਦੇਰ ਸ਼ਾਮ ਗ੍ਰੀਨ ਐਵੇਨਿਊ ਕਾਲੋਨੀ ਵਿਖੇ ਦੋ ਧਿਰਾਂ (ਸਹੁਰਾ ਤੇ ਪੇਕਾ ਪਰਿਵਾਰ) ਆਪਸੀ ਗੱਲਬਾਤ ਕਰਨ ਲਈ ਇਕੱਠੀਆਂ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮੌਕੇ 'ਤੇ ਘਰ ਦੀ ਨੂੰਹ ਨੇ ਪੁਲੀਸ ਹੈਲਪਲਾਈਨ 'ਤੇ ਮਦਦ ਲਈ ਫੋਨ ਕੀਤਾ ਤਾਂ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਗੁੱਸਾ ਸਹੁਰੇ ਸੁਰੇਸ਼ ਕੁਮਾਰ ਗੋਗਨਾ ਨੂੰ ਲੱਗਾ ਤੇ ਉਸ ਨੇ ਮੌਕੇ 'ਤੇ ਹੀ ਆਪਣੇ ਰਿਵਾਲਵਰ ਨਾਲ ਕੁਝ ਫਾਇਰ ਕਰ ਦਿੱਤੇ ਜੋ ਕਿ ਉਸ ਦੀ ਨੂੰਹ ਦੀ ਭੈਣ ਦੇ ਵੱਜੇ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕਾ ਦੀ ਪਛਾਣ ਮਿਹਰ ਜੋਤ ਕੌਰ ਵਜੋਂ ਹੋਈ ਹੈ ਤੇ ਉਸ ਦੇ ਪਿਤਾ, ਜੋ ਕਿ ਗੰਭੀਰ ਜਖਮੀ ਹੋਏ ਹਨ, ਉਸ ਦੀ ਪਛਾਣ ਅਮਰੀਕ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਮੌਕੇ 'ਤੇ ਪੁਲਿਸ ਵੱਲੋਂ ਪਹੁੰਚ ਕੇ ਮੁਲਜ਼ਮ ਸੁਰੇਸ਼ ਕੁਮਾਰ ਗੋਗਨਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਥਾਣਾ ਸਦਰ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੜਕੀ ਪਰਿਵਾਰ ਵੱਲੋਂ ਪੁਲਿਸ ਉਪਰ ਇਹ ਦੋਸ਼ ਮੌਕੇ 'ਤੇ ਹੀ ਲਾਏ ਜਾ ਰਹੇ ਸਨ ਕਿ ਪੁਲਿਸ ਦੀ ਹਾਜ਼ਰੀ 'ਚ ਸਹੁਰੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਇਨ੍ਹਾਂ ਲਾਏ ਦੋਸ਼ਾਂ ਕਾਰਨ ਐੱਸਪੀ ਸਰਬਜੀਤ ਸਿੰਘ ਬਾਹੀਆ ਇਸ ਮਾਮਲੇ ਦੀ ਖੁਦ ਜਾਂਚ ਕਰ ਰਹੇ ਹਨ।