ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਅੱਜ ਸਿਵਲ ਤੇ ਪੁਲਿਸ ਅਧਿਕਾਰੀਆਂ ਸਣੇ ਹਲਕੇ ਦੇ ਲੋੜਵੰਦ ਪਰਿਵਾਰਾਂ ਲਈ 2000 ਰਾਸ਼ਨ ਕਿੱਟਾਂ ਤੇ ਸੈਨੀਟਾਈਜ਼ਰ ਵੱਖ-ਵੱਖ ਪਿੰਡਾਂ ਲਈ ਰਵਾਨਾ ਕੀਤੇ। ਸਥਾਨਕ ਦਾਣਾ ਮੰਡੀ ਤੋਂ ਇਹ ਸਾਮਾਨ ਰਵਾਨਾ ਕਰਨ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਅੌਖੀ ਘੜੀ 'ਚ ਲੋਕਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਹਰੇਕ ਲੋੜਵੰਦ ਤੱਕ ਸਹਾਇਤਾ ਸਮੱਗਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਸਬੰਧਤ ਸਰਪੰਚਾਂ ਦੀ ਹੋਵੇਗੀ ਤੇ ਉਹ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਲੋੜਵੰਦ ਇਸ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਕਣਕ ਦੀ ਵੰਡ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਸਾਮਾਨ ਘਰ ਘਰ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੁਫ਼ਤ ਰਾਸ਼ਨ ਲੈਣ ਲਈ ਕੇਵਲ ਲੋੜਵੰਦ ਹੀ ਅੱਗੇ ਆਉਣ ਅਤੇ ਰਾਸ਼ਨ ਦਾ ਸਟਾਕ ਨਾ ਕੀਤਾ ਜਾਵੇ। ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਅਤੇ ਘਰਾਂ 'ਚੋਂ ਬਾਹਰ ਨਾ ਨਿਕਲਿਆ ਜਾਵੇ ਉਨ੍ਹਾਂ ਕਿਹਾ ਕਿ ਕਰਫਿਊ ਲੋਕਾਂ ਦੇ ਭਲੇ ਲਈ ਲਗਾਇਆ ਗਿਆ ਹੈ, ਜਿਸ ਦਾ ਪਾਲਣ ਕਰਨਾ ਸਾਡੇ ਆਪਣੇ ਹਿੱਤ 'ਚ ਹੈ। ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਆਉਣ ਵਾਲੇ ਕਣਕ ਦੇ ਸੀਜ਼ਨ ਲਈ ਵੀ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਇਸ ਦੌਰਾਨ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੇੜਲੀ ਮੰਡੀ 'ਚ ਹੀ ਆਪਣੀ ਜਿਣਸ ਲਿਆਉਣ, ਤਾਂ ਜੋ ਜ਼ਿਆਦਾ ਭੀੜ ਤੇ ਆਵਾਜਾਈ ਤੋਂ ਬਚਾਅ ਹੋ ਸਕੇ ਉਨ੍ਹਾਂ ਸਰਪੰਚਾਂ ਅਤੇ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਪੱਧਰ 'ਤੇ ਲੇਬਰ ਦਾ ਢੁਕਵਾਂ ਬੀਮਾ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਹਾਂਮਾਰੀ ਦੌਰਾਨ ਜੀਅ ਜਾਨ ਨਾਲ ਸੇਵਾਵਾਂ ਨਿਭਾਅ ਰਹੇ ਪੁਲਿਸ ਮੁਲਾਜ਼ਮਾਂ ਅਤੇ ਸੈਨੀਟੇਸ਼ਨ ਵਰਕਰਾਂ ਲਈ 50-50 ਲੱਖ ਰੁਪਏ ਦੇ ਬੀਮਾ ਕਵਰ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੂੰ ਨਿੱਜੀ ਤੌਰ 'ਤੇ ਪੱਤਰ ਲਿਖ ਕੇ ਮੀਡੀਆ ਕਰਮੀਆਂ ਲਈ ਵੀ ਅਜਿਹੇ ਬੀਮਾ ਕਵਰ ਦੀ ਮੰਗ ਕਰਨਗੇ, ਕਿਉਂਕਿ ਮੀਡੀਆ ਕਰਮੀ ਵੀ ਇਸ ਅੌਖੀ ਘੜੀ 'ਚ ਜੀਅ-ਜਾਨ ਨਾਲ ਦਿਨ-ਰਾਤ ਸਾਨੂੰ ਜਾਣਕਾਰੀ ਪ੍ਰਦਾਨ ਕਰਨ 'ਚ ਜੁੱਟੇ ਹੋਏ ਹਨ।ਇਸ ਮੌਕੇ ਐੱਸਡੀਐੱਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਡੀਐੱਸਪੀ. ਸਰਵਨ ਸਿੰਘ ਬੱਲ, ਬੀਡੀਪੀਓ ਗੁਰਪ੍ਰਤਾਪ ਸਿੰਘ ਗਿੱਲ, ਐੱਸਐੱਚਓਸ ਸਰਬਜੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਉੱਪ ਚੇਅਰਮੈਨ ਬਲਾਕ ਸੰਮਤੀ ਮੰਗਲ ਸਿੰਘ ਭੱਟੀ, ਮੈਂਬਰ ਬਲਾਕ ਸੰਮਤੀ ਸ. ਬਲਦੇਵ ਸਿੰਘ ਰੰਗੀਲਪੁਰ ਤੇ ਸ. ਗਗਨਦੀਪ ਸਿੰਘ ਬਾਜਵਾ, ਅਜੀਤਪਾਲ ਸਿੰਘ ਬਾਜਵਾ, ਪ੍ਰਭਦਿਆਲ ਸਿੰਘ ਸੈਦਪੁਰ, ਰਵਿੰਦਰ ਰਵੀ, ਬਲਜਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ।