ਜੇਐੱਨਐੱਨ, ਕਪੂਰਥਲਾ : ਨਗਰ ਕੌਂਸਲ ਤੋਂ ਨਗਰ ਨਿਗਮ ਦਾ ਰੂਪ ਬਣਨ ਜਾ ਰਹੇ ਕਪੂਰਥਲਾ ਦੀਆਂ ਹੱਦਾਂ ਦਾ ਵਿਸਥਾਰ ਹੋਵੇਗਾ। ਡਿਫੈਂਸ ਕਾਲੋਨੀ, ਬਾਬਾ ਦੀਪ ਸਿੰਘ ਨਗਰ ਤੇ ਗਰੋਵਰ ਕਾਲੋਨੀ ਹੁਣ ਨਗਰ ਨਿਗਮ ਦਾ ਹਿੱਸਾ ਬਣਨਗੇ। 98 ਹਜ਼ਾਰ 807 ਲੋਕਾਂ ਦਾ ਆਬਾਦੀ ਵਾਲੀ ਕੌਂਸਲ 'ਚ ਹੁਣ ਤਕ 29 ਵਾਰਡ ਸਨ ਜਿਨ੍ਹਾਂ ਦੀ ਗਿਣਤੀ ਵੱਧ ਕੇ 50 ਹੋ ਜਾਵੇਗੀ। ਨਗਰ ਨਿਗਮ ਦੇ ਨਵੇਂ ਹਾਊਸ ਦੀ ਚੋਣ ਮਾਰਚ 2020 'ਚ ਹੋਵੇਗੀ। ਜਿਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਕਤ ਗੱਲਾਂ ਦਾ ਪ੍ਰਗਟਾਵਾ ਏਡੀਸੀ ਰਾਹੁਲ ਚਾਬਾ ਨੇ ਮੰਗਲਵਾਰ ਨੂੰ ਨਗਰ ਨਿਗਮ ਕਪੂਰਥਲਾ ਦੇ ਪਹਿਲੇ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਉਹ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਸੁਲਤਾਨਪੁਰ ਲੋਧੀ 'ਚ ਹੀ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਪਹਿਲਾਂ ਨਗਰ ਨਿਗਮ ਦਾ ਗਣਿਤ ਸਮਝਣਾ ਪਵੇਗਾ। ਅੱਜ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਨਿਗਮ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਨਿਗਮ ਨੂੰ ਵਿਕਾਸ ਦੇ ਰਾਹ 'ਤੇ ਤੋਰਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਡਿਫੈਂਸ ਕਾਲੋਨੀ, ਬਾਬਾ ਦੀਪ ਸਿੰਘ ਨਗਰ ਤੇ ਗਰੋਵਰ ਕਾਲੋਨੀ ਨੂੰ ਕਪੂਰਥਲਾ ਨਿਗਮ 'ਚ ਸ਼ਾਮਲ ਕਰਨ ਦਾ ਮਤਾ ਪਾਸ ਹੋ ਚੁੱਕਾ ਹੈ ਤੇ ਅਗਲੇ ਸਾਲ ਨਗਰ ਨਿਗਮ ਦੀਆਂ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਪੂਰਥਲਾ ਨਿਗਮ ਨੂੰ ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵਾਂ ਕੋਲੋਂ ਵਿਕਾਸ ਲਈ ਪੈਸੇ ਮਿਲਣਗੇ। ਜਿਸ ਨਾਲ ਕਪੂਰਥਲਾ ਦਾ ਸਰਬਪੱਖੀ ਵਿਕਾਸ ਹੋਵੇਗਾ। ਏਡੀਸੀ ਰਾਹੁਲ ਚਾਬਾ ਨੇ ਕਮਿਸ਼ਨਰ ਦਾ ਅਹੁਦਾ ਸੰਭਾਲਣ ਦੇ ਬਾਅਦ ਸਭ ਤੋਂ ਪਹਿਲਾਂ ਸਫਾਈ ਮੁਲਾਜਮਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਵਿਰਾਸਤੀ ਸ਼ਹਿਰ ਦੀ ਸਫਾਈ ਵਿਵਸਥਾ ਵਧੀਆ ਕਰਨ ਲਈ ਪ੍ਰਰੇਰਿਤ ਕਰਦੇ ਹੋਏ ਕਿਹਾ ਕਿ ਸਫਾਈ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਪਵੇਗੀ। ਇਸ ਮੌਕੇ ਸਫਾਈ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰੀ ਲਾਲ ਸ਼ਰਮਾ ਨੇ ਰਾਹੁਲ ਚਾਬਾ ਨੂੰ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਉਂਦੇ ਹੀ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਉਸੇ ਤਰ੍ਹਾਂ ਉਹ ਵੀ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸਹੀ ਰੱਖਣ ਲਈ ਦਿਨ ਰਾਤ ਇਕ ਕਰ ਦੇਣਗੇ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ 5.87 ਕਰੋੜ ਦੇ ਟੈਂਡਰ ਹੋਣ ਜਾ ਰਹੇ ਹਨ ਜਿਸ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਵੇਗੀ। ਇਸ ਦੌਰਾਨ ਨਿਗਮ ਮੁਲਾਜ਼ਮਾਂ ਨਾਲ ਮੀਟਿੰਗ ਦੌਰਾਨ ਕਪੂਰਥਲਾ ਦੇ ਇਕ ਬਜ਼ੁਰਗ ਪੁੱਜ ਗਏ ਜਿਨ੍ਹਾਂ ਨੇ ਨਗਰ ਕੌਂਸਲ ਦੀ ਕਾਰਜਸ਼ੈਲੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਸ਼ਹਿਰ ਦੇ ਹਰ ਬਾਜ਼ਾਰ 'ਚ ਨਾਜਾਇਜ਼ ਕਬਜ਼ੇ ਹਨ ਪਰ ਸਰਕਾਰੀ ਮੁਲਾਜ਼ਮ ਉਨ੍ਹਾਂ ਨੂੰ ਹਟਾਉਣ ਦੀ ਹਿੰਮਤ ਨਹੀਂ ਕਰਦੇ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ 'ਤੇ ਨਿਗਮ ਕਮਿਸ਼ਨਰ ਨੇ ਫੌਰੀ ਤੌਰ 'ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ। ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਹੁਲ ਚਾਬਾ ਨੇ ਇਕ ਨੌਜਵਾਨ ਅਜੇ ਕੁਮਾਰ ਨੂੰ ਸਫਾਈ ਮੁਲਾਜ਼ਮ ਦੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ। ਅਜੇ ਦੇ ਪਿਤਾ ਦੀ ਨੌਕਰੀ ਦੌਰਾਨ ਮੌਤ ਹੋ ਗਈ ਸੀ ਇਸ ਲਈ ਅਜੇ ਕੁਮਾਰ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਗਈ ਹੈ। ਇਸ ਮੌਕੇ ਹੋਟਲ ਇੰਡਸਟਰੀ ਨਾਲ ਜੁੜੇ ਧਰਮਪਾਲ ਗਰੋਵਰ ਤੇ ਈਓ ਆਦਰਸ਼ ਕੁਮਾਰ ਵੱਲੋਂ ਰਾਹੁਲ ਚਾਬਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ।