ਅਮਰ ਪਾਸੀ, ਫਗਵਾੜਾ : ਕੋਰੋਨਾ ਵਾਇਰਸ ਦਾ ਕਹਿਰ ਹੋਲੀ ਹੋਲੀ ਘੱਟਦਾ ਜਾ ਰਿਹਾ ਸੀ। ਸਿਹਤ ਵਿਭਾਗ ਵੱਲੋਂ ਰੋਜ਼ਾਨਾ ਇਸ ਸਬੰਧੀ ਮੀਡੀਆ ਨੂੰ ਰਿਪੋਰਟਾਂ ਭੇਜੀਆਂ ਜਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਕੋਰੋਨਾ ਵਾਰਸ ਦੇ ਮਰੀਜ਼ਾਂ ਵਿਚ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ ਪਰ ਇਸ ਸਭ ਦੇ ਚੱਲਦਿਆਂ ਫਗਵਾੜਾ ਸਬ-ਡਵੀਜ਼ਨ ਵਿਖੇ ਬੁੱਧਵਾਰ ਨੂੰ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਉਸ ਦੀ ਉਮਰ 66 ਸਾਲ ਹੈ ਜੋ ਗ੍ਰੀਨ ਪਾਰਕ ਪਲਾਹੀ ਰੋਡ ਦਾ ਰਹਿਣ ਵਾਲਾ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਪੁਸ਼ਟੀ ਕੀਤੀ ਗਈ ਹੈ। ਸਿਵਲ ਹਸਪਤਾਲ ਦੇ ਐੱਸਐੱਮਓ ਕਮਲ ਕਿਸ਼ੋਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਲਾਕਡਾਊਨ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਪਰ ਵੇਖਣ ਵਿਚ ਆਇਆ ਹੈ ਕਿ ਲੋਕ ਸੋਸ਼ਲ ਡਿਸਟੈਂਸਿੰਗ, ਮਾਸਕ ਦੀ ਵਰਤੋਂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਜੋ ਥੋੜੇ ਲੱਛਣ ਹਾਲੇ ਵੀ ਵਾਇਰਸ ਦੇ ਰੂਪ ਵਿਚ ਹਨ, ਉਨ੍ਹਾਂ ਨੂੰ ਜਲਦ ਹੀ ਖ਼ਤਮ ਕੀਤਾ ਜਾ ਸਕੇ।