ਅਮਨਜੋਤ ਵਾਲੀਆ, ਕਪੂਰਥਲਾ : ਅੰਮ੍ਰਿਤਸਰ ਹਾਈਵੇ 'ਤੇ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਹੋਏ ਪੋਸਟਮਾਰਟਮ ਰਿਪੋਰਟ ਮੁਤਾਬਕ 9 ਮਹੀਨੇ ਪੂਰੇ ਹੋਣ 'ਤੇ ਹੀ ਬੱਚੀ ਜਾ ਜਨਮ ਹੋਇਆ ਸੀ। ਲੜਕੀ ਪੈਦਾ ਹੋਣ ਤੋਂ ਪਹਿਲਾ ਹੀ ਗਰਭ ਵਿਚ ਹੀ ਮਰ ਚੁੱਕੀ ਸੀ। ਇਸ ਗੱਲ ਦਾ ਖੁਲਾਸਾ ਸਿਵਲ ਹਸਪਤਾਲ ਦੇ ਡਾਕਟਰ ਪਰਮਿੰਦਰ ਸਿੰਘ ਨੇ ਕੀਤਾ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਲਾਸ਼ ਨੂੰ ਥਾਣਾ ਸੁਭਾਨਪੁਰ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਜੋ ਸ਼ੱਕ ਦੇ ਤੌਰ 'ਤੇ ਫੜੇ ਜਾਣ 'ਤੇ ਲੜਕੀ ਦੀ ਲਾਸ਼ ਦੇ ਨਾਲ ਮੈਚ ਕਰਕੇ ਬੱਚੀ ਨੂੰ ਸੁੱਟਣ ਵਾਲੇ ਨੂੰ ਕਾਬੂ ਕੀਤਾ ਜਾ ਸਕੇ।

ਥਾਣਾ ਸੁਭਾਨਪੁਰ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰੇ 11 ਵਜੇ ਦੇ ਕਰੀਬ ਅੰਮ੍ਰਿਤਸਰ ਹਾਈਵੇ ਵਿਚ ਪੈਂਦੇ ਪਿੰਡ ਡੋਗਰਾਂਵਾਲ ਤੋਂ 20 ਮੀਟਰ ਦੂਰ ਜੇ-7 ਹੋਟਲ ਨੇੜੇ ਹਾਈਵੇ ਇੰਚਾਰਜ਼ ਏਐੱਸਆਈ ਅਮਰੀਕ ਸਿੰਘ ਪੈਟਰੋਲਿੰਗ ਕਰਦੇ ਸਮੇਂ ਸਲਵਾਰ ਵਿਚ ਲਿਪਟੀ ਹੋਈ ਬੱਚੀ ਦੀ ਲਾਸ਼ ਦੇਖੀ, ਜੋ ਪੂਰੀ ਤਰ੍ਹਾਂ ਵਿਕਸਿਤ ਸੀ। ਉਨ੍ਹਾਂ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੇ ਏਐੱਸਆਈ ਸੋਮਨਾਥ ਅਤੇ ਏਐਸਆਈ ਦੀਪਿਕਾ ਸਿੰਘ, ਕਾਂਸਟੇਬਲ ਰਾਜਵਿੰਦਰ ਕੌਰ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬੈਗ ਦੀ ਤਲਾਸ਼ੀ ਤਾਂ ਉਸ ਵਿਚੋਂ ਬੱਚੀ ਦੀ ਲਾਸ਼ ਅਤੇ ਨਵੇਂ ਕੱਪੜੇ ਬਰਾਮਦ ਕੀਤੇ ਗਏ ਅਤੇ ਲਾਸ਼ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਖਾਨੇ ਵਿਚ ਰੱਖ ਦਿੱਤਾ ਅਤੇ ਬੁੱਧਵਾਰ ਦੀ ਸ਼ਾਮ 4 ਵਜੇ ਡਾਕਟਰ ਪਰਮਿੰਦਰ ਸਿੰਘ ਨੇ ਪੋਸਟਮਾਰਟਮ ਕਰਕੇ ਲਾਸ਼ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਪੂਰੇ ਮਾਮਲੇ ਨੂੰ ਲੈ ਕੇ ਥਾਣਾ ਸੁਭਾਨਪੁਰ ਪੁਲਿਸ ਦੇ ਐੱਸਐੱਚਓ ਲਖਵੀਰ ਸਿੰਘ ਨੇ ਦੱਸਿਆ ਕਿ ਏਐੱਸਆਈ ਅਮਰੀਕ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਆਲੇ-ਦੁਆਲੇ ਦੇ ਪੂਰੇ ਇਲਾਕੇ ਵਿਚ ਪੁਲਿਸ ਛਾਣਬੀਣ ਕਰ ਰਹੀ ਹੈ ਤਾਂ ਜੋ ਬੱਚੀ ਨੂੰ ਸੁੱਟਣ ਵਾਲੇ ਦਾ ਪਤਾ ਲਗਾਇਆ ਜਾ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੱਚੀ ਨੂੰ ਸੁੱਟਣ ਵਾਲੇ ਦਾ ਪਤਾ ਲਗਾਉਣ ਲਈ ਡੀਐੱਨਏ ਕਰਵਾਉਣ 'ਤੇ ਵਿਚਾਰ ਕਰ ਰਹੀ ਹੈ।