ਖੇਡ ਮੈਦਾਨ ’ਚ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼
ਸੰਵਾਦ ਸੂਤਰ, ਜਾਗਰਣਕਪੂਰਥਲਾ :
Publish Date: Tue, 09 Dec 2025 10:04 PM (IST)
Updated Date: Tue, 09 Dec 2025 10:06 PM (IST)

ਸੰਵਾਦ ਸੂਤਰ, ਜਾਗਰਣ ਕਪੂਰਥਲਾ : ਸ਼ਹਿਰ ਦੀ ਸ਼ਿਵ ਕਲੋਨੀ ਮੇਹਤਾਬਗੜ੍ਹ ’ਚ ਸਥਿਤ ਖੇਡ ਮੈਦਾਨ ’ਚ ਮੰਗਲਵਾਰ ਸ਼ਾਮ ਥਾਣਾ ਸਿਟੀ ਪੁਲਿਸ ਨੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਨੌਜਵਾਨ ਦੀ ਜੇਬ ’ਚੋਂ ਕੋਈ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਪੂਰਥਲਾ ਸਿਵਲ ਹਸਪਤਾਲ ਦੀ ਮੋਰਚਰੀ ’ਚ 72 ਘੰਟਿਆਂ ਲਈ ਰੱਖਵਾ ਦਿੱਤਾ ਹੈ। ਥਾਣਾ ਸਿਟੀ ਇੰਚਾਰਜ ਅਮਨਦੀਪ ਕੁਮਾਰ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਜਦ ਬੱਚੇ ਕ੍ਰਿਕਟ ਖੇਡਣ ਮੈਦਾਨ ਗਏ ਤਾਂ ਉਨ੍ਹਾਂ ਇਕ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ’ਚ ਦੇਖਿਆ। ਬੱਚਿਆਂ ਨੇ ਤੁਰੰਤ ਆਪਣੇ ਮਾਪਿਆਂ ਨੂੰ ਦੱਸਿਆ, ਜਿਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਪਾਰਟੀ ਦੇ ਮੌਕੇ ’ਤੇ ਪਹੁੰਚਣ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਪੁਲਿਸ ਦੇ ਅਨੁਸਾਰ ਮ੍ਰਿਤਕ ਦੀ ਉਮਰ ਲਗਪਗ 25-30 ਸਾਲ ਦੇ ਵਿਚਾਲੇ ਲੱਗ ਰਹੀ ਹੈ। ਉਹ ਦੇਖਣ’ਚ ਚੰਗੇ ਪਰਿਵਾਰ ਦਾ ਲੱਗ ਰਿਹਾ ਸੀ। ਉਸ ਨੇ ਮਿਲਟ੍ਰੀ ਰੰਗਾ ਪਜਾਮਾ ਤੇ ਹਲਕੇ ਹਰੇ ਰੰਗ ਦੀ ਹੁਡੀ ਪਹਿਣੀ ਸੀ, ਨਾਲ ਹੀ ਕੰਨਾਂ ’ਚ ਵਾਲੀਆਂ ਵੀ ਸਨ। ਸਰੀਰ ’ਤੇ ਕਿਸੇ ਤਰ੍ਹਾਂ ਦੀ ਸੱਟ ਦਾ ਨਿਸ਼ਾਨ ਨਹੀਂ ਮਿਲਿਆ। ਪੁਲਿਸ ਨੇ ਆਲੇ-ਦੁਆਲੇ ਦੇ ਮੁਹੱਲਿਆਂ ’ਚ ਇਸ ਸਬੰਧੀ ਸੂਚਨਾ ਫੈਲਾਈ ਪਰ ਅਜੇ ਤੱਕ ਕੋਈ ਪਛਾਣ ਵਾਲਾ ਸਾਹਮਣੇ ਨਹੀਂ ਆਇਆ ਹੈ। ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਪੋਸਟਮਾਰਟਮ ਰਿਪੋਰਟ ਤੇ ਪਛਾਣ ਦੇ ਆਧਾਰ ’ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।