ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਹੈ ਕਿ ਜ਼ਿਲ੍ਹੇ ਅੰਦਰ ਐਕਟਿਵ ਕੇਸ 900 ਤੋਂ ਜ਼ਿਆਦਾ ਹੋ ਗਏ ਹਨ, ਜਿਸ ਕਰਕੇ ਲੋਕ ਕੋਵਿਡ ਪ੍ਰਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਲੋਕ ਮਹਾਮਾਰੀ ਦੀ ਗੰਭੀਰਤਾ ਨੂੰ ਸਮਝਣ ਤੇ ਦੋਹਰੀ ਪਰਤ ਵਾਲਾ ਮਾਸਕ ਪਹਿਨਣ। ਅੱਜ ਜ਼ਿਲ੍ਹਾ ਵਾਸੀਆਂ ਦੇ ਹਫਤਾਵਾਰੀ ਫੇਸਬੁੱਕ ਸੈਸ਼ਨ ਦੌਰਾਨ ਰੂ-ਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਵੈਕਸੀਨ ਦਾ ਅੰਕੜਾ ਇਕ ਲੱਖ ਦੇ ਕਰੀਬ ਪਹੁੰਚ ਗਿਆ ਹੈ ਕਿਉਂਕਿ ਦੂਰ ਦੁਰਾਡੇ ਖੇਤਰਾਂ ਅੰਦਰ ਵੀ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਕੋਵਿਡ ਦਾ ਖਤਰਾ ਬਹੁਤ ਘੱਟ ਹੈ, ਜਿਸ ਕਰਕੇ ਪਹਿਲੀ ਮਈ ਤੋਂ ਸ਼ੁਰੂ ਹੋਣ ਵਾਲੀ ਵੈਕਸੀਨੇਸ਼ਨ ਲਈ 18 ਸਾਲ ਤੋਂ ਉੱਪਰ ਦੇ ਲੋਕ ਰਜਿਸਟ੍ਰੇਸ਼ਨ ਕਰਵਾਉਣ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਉਪਲਬਧਤਾ ਯਕੀਨੀ ਬਣਾਉਣ ਲਈ 'ਆਕਸੀਜਨ ਆਡਿਟ ' ਕਰਵਾਇਆ ਗਿਆ ਹੈ ਅਤੇ ਜਿਲ੍ਹੇ ਅੰਦਰ ਲੈਵਲ -2 ਦੀ ਸਹੂਲਤਾਂ ਅੰਦਰ ਆਕਸੀਜਨ ਢੁਕਵੀਂ ਮਾਤਰਾ ਵਿਚ ਉਪਲਬਧ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕੋਵਿਡ ਦੇ ਵਧਦੇ ਕੇਸਾਂ ਕਾਰਨ ਵਿਆਹਾਂ ਸਬੰਧੀ ਵੀ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋੋ ਵਿਆਹ-ਸ਼ਾਦੀਆਂ 30 ਅਪ੍ਰਰੈਲ ਤੋਂ ਪਹਿਲਾਂ ਜਾਂ 30 ਅਪ੍ਰਰੈਲ ਨੂੰ ਸ਼ਾਮ 6 ਵਜੇ ਤੋਂ ਬਾਅਦ ਹੋਣੀਆਂ ਨਿਰਧਾਰਿਤ ਹਨ, ਉਹ ਕੁਝ ਸ਼ਰਤਾਂ ਸਹਿਤ ਸਮਾਗਮ ਕਰ ਸਕਦੇ ਹਨ। ਇਨ੍ਹਾਂ ਵਿਚ 20 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਦੀ ਆਗਿਆ ਨਹੀਂ ਹੋਵੇਗੀ ਅਤੇ ਵਿਆਹ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਸਬੰਧਿਤ ਐਸ.ਡੀ.ਐਮ. ਕੋਲੋਂ ਕਰਫਿਊ ਪਾਸ ਲੈਣਾ ਲਾਜਮੀ ਹੋਵੇਗਾ। ਇਹ ਸਮਾਗਮ ਵੀ ਰਾਤ 9 ਵਜੇ ਤੋਂ ਪਹਿਲਾਂ ਸਮਾਪਤ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉੱਪਰ ਦਿੱਤੀਆਂ ਹਦਾਇਤਾਂ ਕੇਵਲ 30 ਅਪ੍ਰਰੈਲ ਤੱਕ ਨਿਰਧਾਰਿਤ ਵਿਆਹ ਸਮਾਗਮਾਂ ਲਈ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਹਿਲੀ ਮਈ ਜਾਂ ਉਸ ਤੋਂ ਬਾਅਦ ਦੇ ਵਿਆਹ ਸਮਾਗਮ ਵਾਲੇ ਲੋਕ ਨਵੀਆਂ ਹਦਾਇਤਾਂ ਤੇ ਕਰਫਿਊ ਦੇ ਸਮੇਂ ਅਨੁਸਾਰ ਨਿਰਧਾਰਿਤ ਕਰਨ।