ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਡੀਸੀ ਸ਼ਰਮਾ ਮੈਂਬਰ (ਟ੍ਰੈਕਸ਼ਨ ਤੇ ਰੋਲਿੰਗ ਸਟਾਕ) ਰੇਲਵੇ ਬੋਰਡ ਨੇ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ ਕੀਤਾ। ਉਨ੍ਹਾਂ ਦੇ ਆਰਸੀਐੱਫ ਪੁੱਜਣ 'ਤੇ ਆਰਸੀਐੱਫ ਦੇ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਆਰਸੀਐੱਫ ਆ ਕੇ ਸ਼ਰਮਾ ਨੇ ਸਭ ਤੋਂ ਪਹਿਲਾਂ ਆਰਸੀਐੱਫ ਵਰਕਸ਼ਾਪ ਵਿਖੇ ਕੋਚ ਨਿਰਮਾਣ ਪ੍ਰਕਿਰਿਆਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਆਰਸੀਐੱਫ ਵਲੋਂ ਬਣਾਏ ਜਾ ਰਹੇ ਵੱਖ-ਵੱਖ ਕਿਸਮਾਂ ਦੇ ਕੋਚਾਂ ਜਿਵੇਂ ਕਿ ਏਸੀ ਥ੍ਰੀ ਟੀਅਰ ਇਕਾਨਮੀ ਕਲਾਸ, ਥ੍ਰੀ ਫੇਜ਼ ਮੇਮੂ ਕੋਚ, ਏਸੀ ਟੂ ਟੀਅਰ ਕੋਚ ਆਦਿ ਦਾ ਨਿਰੀਖਣ ਕੀਤਾ । ਇਸ ਤੋਂ ਇਲਾਵਾ ਉਹਨਾਂ ਥ੍ਰੀ ਫੇਜ਼ ਮੇਮੂ ਕੋਚਾਂ ਦੇ ਤੀਜੇ ਰੇਕ ਨੂੰ ਹਰੀ ਝੰਡੀ ਦਿਖਾਈ ।

ਇਥੇ ਇਹ ਧਿਆਨਯੋਗ ਹੈ ਕਿ ਇਨ੍ਹਾਂ ਕੋਚਾਂ ਦਾ ਪਹਿਲਾ ਪ੍ਰੋਟੋਟਾਈਪ ਰੇਕ 27.11.2021 ਨੂੰ ਆਰਸੀਐੱਫ ਤੋਂ ਰਵਾਨਾ ਕੀਤਾ ਗਿਆ ਸੀ । ਇਸ ਮੌਕੇ ਮਿੱਤਲ ਨੇ ਸ਼ੈੱਲ ਅਸੈਂਬਲੀ ਸ਼ਾਪ ਵਿਖੇ ਵੰਦੇ ਭਾਰਤ ਰੇਲ ਗੱਡੀ ਦੇ ਕੋਚ ਸ਼ੈੱਲ ਦੇ ਨਿਰਮਾਣ ਲਈ ਇਕ ਜਿਗ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਕੋਚਾਂ ਦੇ ਵੱਡੇ ਪੱਧਰ 'ਤੇ ਨਿਰਮਾਣ ਲਈ ਆਰ ਸੀ ਐਫ ਦੇ ਬੁਨਿਆਦੀ ਢਾਂਚੇ ਦੀ ਸ਼ਲਾਘਾ ਕੀਤੀ ਅਤੇ ਇਸਦੇ ਲਈ ਕੀਮਤੀ ਸੁਝਾਅ ਵੀ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਰਸੀਐੱਫ ਵਿੱਚ ਰੇਲ ਕੋਚਾਂ ਵਿਚ ਲੱਗਣ ਵਾਲੇ ਸਾਮਾਨ ਦੀ ਚੰਗੀ ਸਾਂਭ-ਸੰਭਾਲ ਅਤੇ ਹਾਊਸ ਕੀਪਿੰਗ ਦੀ ਵੀ ਸ਼ਲਾਘਾ ਕੀਤੀ । ਬਾਅਦ ਵਿਚ ਸ਼ਰਮਾ ਨੇ ਕੋਚਾਂ ਦੇ ਉਤਪਾਦਨ ਅਤੇ ਨਵੀਂ ਕਿਸਮ ਦੇ ਕੋਚਾਂ ਦੇ ਨਿਰਮਾਣ ਨਾਲ ਸਬੰਧਤ ਮੁੱਖ ਮੁੱਦਿਆਂ 'ਤੇ ਜਨਰਲ ਮੈਨੇਜਰ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਰੇਲਵੇ ਬੋਰਡ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਉਹਨਾਂ ਨੇ ਇਸ ਵਿੱਤੀ ਵਰ੍ਹੇ 2021-22 ਦੇ ਵਿਚ ਆਰਸੀਐੱਫ ਵਲੋਂ 1862 ਕੋਚਾਂ ਦੇ ਰਿਕਾਰਡ ਉਤਪਾਦਨ ਨੂੰ ਹਾਸਿਲ ਕਰਨ ਲਈ ਆਰਸੀਐੱਫ ਦੀ ਸ਼ਲਾਘਾ ਕੀਤੀ। ਇਸ ਸ਼ਾਨਦਾਰ ਰਿਕਾਰਡ ਉਤਪਾਦਨ ਅਤੇ ਕੋਚਾਂ ਦੀ ਉੱਚ ਪੱਧਰੀ ਗੁਣਵੱਤਾ ਲਈ ਸ੍ਰੀ ਸ਼ਰਮਾ ਨੇ ਆਰਸੀਐੱਫ ਲਈ 2 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਰਸੀਐੱਫ ਨੂੰ ਆਪਣੀ ਕੋਚ ਉਤਪਾਦਨ ਸਮਰੱਥਾਵਾਂ ਵਿੱਚ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਕੋਚ ਉਤਪਾਦਨ ਦੀ ਲਾਗਤ ਨੂੰ ਘਟਾਇਆ ਜਾ ਸਕੇ । ਇਸ ਤੋਂ ਇਲਾਵਾ ਉਨ੍ਹਾਂ ਨੇ ਆਰਸੀਐੱਫ ਦੀਆਂ ਵੱਖ-ਵੱਖ ਯੂਨੀਅਨਾਂ ਤੇ ਐਸੋਸੀਏਸ਼ਨਾਂ ਨਾਲ ਵੀ ਮੀਟਿੰਗ ਵੀ ਕੀਤੀ ਜਿਸ ਵਿਚ ਉਨ੍ਹਾਂ ਨੇ ਯੂਨੀਅਨਾਂ ਅਤੇ ਪ੍ਰਸ਼ਾਸਨ ਦਰਮਿਆਨ ਸੁਹਿਰਦ ਸਬੰਧਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਕੋਚਾਂ ਦਾ ਉਤਪਾਦਨ ਵਧਾਉਣ ਵਿੱਚ ਸਹਿਯੋਗ ਕਰਨ ਲਈ ਵੀ ਆਖ਼ਿਆ । ਡੀਸੀ ਸ਼ਰਮਾ ਨੇ ਆਪਣੀ ਆਰਸੀਐੱਫ ਫੇਰੀ 'ਤੇ ਭਾਰਤੀ ਰੇਲਵੇ ਨੂੰ ਵਿਸ਼ਵ ਮਾਪਦੰਡਾਂ ਦੇ ਬਰਾਬਰ ਬਣਾਉਣ ਵਿਚ ਰੇਲ ਕੋਚ ਫੈਕਟਰੀ ਦੇ ਪਾਏ ਭਰਵੇਂ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ ਆਰਸੀਐੱਫ ਡਿਜ਼ਾਈਨਿੰਗ ਅਤੇ ਨਿਰਮਾਣ ਵਿੱਚ ਆਪਣੀ ਉੱਚੀ ਥਾਂ ਨੂੰ ਬਰਕਰਾਰ ਰੱਖਣ ਲਈ ਸਖ਼ਤ ਮਿਹਨਤ ਕਰੇ । ਉਹਨਾਂ ਨੇ ਇਸ ਵਰ੍ਹੇ ਇੰਟਰਨੈਸ਼ਨਲ ਰੇਲਵੇ ਇੰਡਸਟਰੀ ਸਟੈਂਡਰਡ (IRIS ) ਵਿੱਚ ਸਿਲਵਰ ਸ਼੍ਰੇਣੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਆਰਸੀਐੱਫ ਦੀ ਖੁਲਦਿੱਲੀ ਨਾਲ ਤਾਰੀਫ਼ ਕੀਤੀ ਜਿਸ ਨਾਲ ਇਹ ਭਾਰਤ ਵਿੱਚ ਇਕਲੌਤੀ ਰੇਲ ਇਕਾਈ ਅਤੇ ਵਿਸ਼ਵ ਭਰ ਵਿਚ ਸਿਰਫ਼ 118 ਚੋਣਵੀਆਂ ਰੇਲ ਕੰਪਨੀਆਂ ਵਿਚ ਸ਼ਾਮਿਲ ਹੋ ਗਈ ਹੈ ਜਿਸ ਨੂੰ ਸਿਲਵਰ ਸ਼੍ਰੇਣੀ ਸਰਟੀਫਿਕੇਟ ਪ੍ਰਾਪਤ ਹੋਇਆ ਹੈ।IRIS ਰੇਲ ਸੈਕਟਰ ਦੀਆਂ ਖਾਸ ਲੋੜਾਂ ਦੇ ਅਨੁਸਾਰ ਤਿਆਰ ਵਪਾਰ ਪ੍ਰਬੰਧਨ ਪ੍ਰਣਾਲੀਆਂ ਦਾ ਮੁਲਾਂਕਣ ਕਰਨ ਲਈ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਪ੍ਰਣਾਲੀ ਹੈ ਅਤੇ ਇਸ ਦਾ ਪ੍ਰਮਾਣ ਪਤਰ ਬਹੁਤ ਹੀ ਮਾਣਯੋਗ ਪ੍ਰਾਪਤੀ ਹੁੰਦੀ ਹੈ ।ਇਸ ਮੌਕੇ ਤੇ ਉਹਨਾਂ ਆਰਸੀਐੱਫ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਕੋਚ ਉਤਪਾਦਨ ਨੂੰ ਵਧਾਉਣ ਲਈ ਹੋਰ ਵੀ ਵਧੀਆ ਤੇ ਉੱਚ ਸਤਰੀ ਤਕਨੀਕ ਦੀ ਵਰਤੋਂ ਕਰੇ ਜਿਸ ਲਈ ਰੇਲਵੇ ਬੋਰਡ ਉਸਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।

Posted By: Shubham Kumar