ਚੌਹਾਨ, ਪਰਦੀਪ, ਸੰਗਰੂਰ

ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੀਰਵਾਰ ਸ਼ਾਮ ਤਕ 34 ਹੋਰ ਵਿਅਕਤੀ ਸਿਹਤਯਾਬ ਹੋ ਕੇ ਆਪੋ ਆਪਣੇ ਘਰ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਪਾਜ਼ੇਟਿਵ ਕੇਸਾਂ ਦੀ ਗਿਣਤੀ 683 ਹੈ। ਜ਼ਿਲ੍ਹੇ ਅੰਦਰ ਭਾਵੇਂ ਕੁੱਲ ਐਕਟਿਵ ਕੇਸਾਂ ਦੀ ਗਿਣਤੀ 82 ਹੈ ਅਤੇ ਹੁਣ ਤੱਕ 580 ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।

ਡੀਸੀ ਰਾਮਵੀਰ ਨੇ ਦੱਸਿਆ ਕਿ ਠੀਕ ਹੋ ਕੇ ਘਰਾਂ ਨੰੂ ਪਰਤੇ 34 ਮਰੀਜ਼ਾਂ 'ਚੋਂ 19 ਕੋਵਿਡ ਕੇਅਰ ਸੈਂਟਰ ਘਾਬਦਾਂ , 2 ਕੋਵਿਡ ਕੇਅਰ ਸੈਂਟਰ ਭੋਗੀਵਾਲ, 1 ਸਿਵਲ ਹਸਪਤਾਲ ਮਾਲੇਰਕੋਟਲਾ ਜਦਕਿ 5 ਪਟਿਆਲਾ ਤੋਂ, 4 ਲੁਧਿਆਣਾ ਤੋਂ ਅਤੇ 3 ਵਿਅਕਤੀ ਹੋਮ ਆਈਸੋਲੇਸ਼ਨ 'ਚ ਠੀਕ ਹੋਏ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਇੱਕ ਭਿਆਨਕ ਵਾਇਰਸ ਹੈ ਜੋ ਕਿ ਇਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਇਸ ਤੋਂ ਬਚਣ ਲਈ ਸਿਰਫ਼ ਪ੍ਰਹੇਜ਼ ਹੀ ਦਵਾਈ ਹੈ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਇਸ ਵਾਇਰਸ ਤੋਂ ਬਚਾਓ ਲਈ ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਆਪਸੀ ਤਾਲਮੇਲ ਨੂੰ ਘਟਾਇਆ ਜਾਵੇ ਅਤੇ ਹੱਥਾਂ ਨੰੂ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ ਨਾਲ ਸਾਫ਼ ਕੀਤਾ ਜਾਵੇ। ਉਨ੍ਹਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ।