ਅਮਨਜੋਤ ਵਾਲੀਆ, ਕਪੂਰਥਲਾ : ਮੂੰਹ ਤੇ ਦੰਦਾਂ ਦੀ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ 25 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੰਦਾਂ ਦੇ ਪੰਦਰਵਾੜੇ ਦੇ ਸੰਬੰਧ ਵਿੱਚ ਕਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੰਦਾਂ ਤੇ ਮੂੰਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਹੋਣਾ ਓਨਾ ਹੀ ਜਰੂਰੀ ਹੈ ਜਿੰਨਾ ਕਿ ਸਰੀਰ ਦੀਆਂ ਬਾਕੀ ਸਮੱਸਿਆਵਾਂ ਲਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਕਪੂਰਥਲਾ ਵੱਲੋਂ 25 ਨਵੰਬਰ ਤੋਂ 9 ਦਸੰਬਰ 2019 ਤੱਕ ਦੰਦਾਂ ਦੀ ਸਿਹਤ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬਜ਼ੁਰਗਾਂ ਦੇ ਦੰਦਾਂ ਦੇ ਬੀੜ ਮੁਫਤ ਲਗਾਏ ਜਾਣਗੇ ਅਤੇ ਦੰਦਾਂ ਦੀਆਂ ਹੋਰ ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਜਾਏਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਪੰਦਰਵਾੜੇ ਦਾ ਲਾਭ ਲੈਣ। ਜ਼ਿਲ੍ਹਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਨੇ ਦੱਸਿਆ ਕਿ ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੱਗਣ ਵਾਲਾ ਉਕਤ ਦੰਦਾਂ ਦੀ ਸਿਹਤ ਦਾ ਪੰਦਰਵਾੜਾ 550 ਸਾਲ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤਾ ਗਿਆ ਹੈ। ਡਾ. ਮੱਲ ਨੇ ਇਹ ਵੀ ਦੱਸਿਆ ਕਿ ਇਸ ਪੰਦਰਵਾੜੇ ਦਾ ਮੱੁਖ ਉਦੇਸ਼ ਲੋਕਾਂ ਨੂੰ ਦੰਦਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਦੰਦਾਂ ਨਾਲ ਜੁੜੀਆਂ ਬਿਮਾਰੀਆਂ ਦਾ ਮੁਫਤ ਇਲਾਜ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ, ਸਬ ਡਵੀਜ਼ਨਲ ਹਸਪਤਾਲ ਫਗਵਾੜਾ, ਭੁੱਲਥ, ਕਮਿਊਨਿਟੀ ਹੈਲਥ ਸੈਂਟਰ ਟਿੱਬਾ ਤੇ ਪ੍ਰਰਾਈਮਰੀ ਹੈਲਥ ਸੈਂਟਰ ਮਕਸੂਦਪੁਰ ਵਿਖੇ ਪੰਦਰਵਾੜੇ ਦੌਰਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਇਕ ਪਾਸੇ ਮਾਹਰ ਡਾਕਟਰਾਂ ਵੱਲੋਂ ਮੂੰਹ ਅਤੇ ਦੰਦਾਂ ਨਾਲ ਜੁੜੀਆਂ ਬੀਮਾਰੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਉੱਥੇ ਹੀ ਦੰਦਾਂ ਦੀਆਂ ਬਿਮਾਰੀਆਂ ਤੇ ਬਚਾਅ ਸੰਬੰਧੀ ਜਾਗਰੂਕਤਾ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।