ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਸਬੰਧੀ ਡਿਊਟੀ ਵਿੱਚ ਅਣਗਹਿਲੀ ਲਈ ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਤੇ ਤਹਿਸੀਲਦਾਰ ਸੁਲਤਾਨਪੁਰ ਲੋਧੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

ਨੋਟਿਸ ਅਨੁਸਾਰ ਉਪ ਮੰਡਲ ਇੰਜੀਨੀਅਰ , ਲੋਕ ਨਿਰਮਾਣ ਵਿਭਾਗ , ਉਸਾਰੀ ਉਪ ਮੰਡਲ ਭ ਤੇ ਮ ਸ਼ਾਖਾ , ਸੁਲਤਾਨਪੁਰ ਲੋਧੀ ਤੇ ਤਹਿਸੀਲਦਾਰ ਨੂੰ ਡਿਪਟੀ ਕਮਿਸ਼ਨਰ ਵੱਲੋਂ 4 ਅਕਤੂਬਰ ਨੂੰ ਸਵੇਰੇ 11 ਵਜੇ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪੱਸ਼ਟੀਕਰਨ/ਜਵਾਬ ਦੇਣ ਦੇ ਹੁਕਮ ਦਿੱਤੇ ਗਏ ਹਨ ।

ਦੱਸਣਯੋਗ ਹੈ ਕਿ ਸਬੰਧਿਤ ਅਧਿਕਾਰੀਆਂ ਵੱਲੋਂ ਉਪ ਮੰਡਲ ਮੈਜਿਸਟ੍ਰੇਟ, ਸੁਲਤਾਨਪੁਰ ਲੋਧੀ ਨੂੰ ਰਿਪੋਰਟ ਕੀਤੀ ਗਈ ਸੀ ਕਿ ਮਿਤੀ 3 ਅਕਤੂਬਰ ਨੂੰ ਪਿੰਡ ਮੁਟਕਰਾਮ ਵਾਲਾ ਮੌਕਾ ਦੇਖਿਆ ਗਿਆ ਹੈ ਅਤੇ ਉੱਥੇ ਪਰਾਲੀ ਨੂੰ ਅੱਗ ਲਗਾਉਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ, ਜਦ ਕਿ ਕਾਰਜਕਾਰੀ ਇੰਜੀਨੀਅਰ,ਪੰਜਾਬ ਪ੍ਰਦੂਸ਼ਣ ਬੋਰਡ,ਜਲੰਧਰ ਵੱਲੋਂ ਪਿੰਡ ਮੁਟਕਰਾਮ ਦਾ ਦੌਰਾ ਕਰਨ ਉਪਰੰਤ ਇਹ ਪਾਇਆ ਗਿਆ ਕਿ ਉੱਥੇ ਪਰਾਲੀ ਨੂੰ ਅੱਗ ਲਗਾਈ ਗਈ ਹੈ, ਜਿਸਦੇ ਸਬੂਤ ਵਜੋਂ ਉਨਾਂ੍ਹ ਵੱਲੋਂ ਫੋਟੋਆਂ ਵੀ ਭੇਜੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ,ਪੰਜਾਬ ਪ੍ਰਦੂਸ਼ਨ ਬੋਰਡ ,ਜਲੰਧਰ ਦੀ ਉਕਤ ਰਿਪੋਰਟ ਅਤੇ ਫੋਟੋਆਂ ਨੂੰ ਦੇਖਣ ਉਪਰੰਤ ਇਹ ਗੱਲ ਸਾਬਿਤ ਹੋਈ ਹੈ ਕਿ ਪਿੰਡ ਮੁਟਕਰਾਮ ਵਿੱਖੇ ਪਰਾਲੀ ਨੂੰ ਅੱਗ ਲਗਾਈ ਗਈ ਹੈ

ਜਦ ਕਿ ਸੰਬੰਧਿਤ ਅਧਿਕਾਰੀ ਵੱਲੋਂ ਕੋਈ ਵੀ ਕੇਸ ਸਾਹਮਣੇ ਨਹੀਂ ਆਉਣ ਬਾਰੇ ਲਿਖਿਆ ਹੈ ਜਿਸਤੋਂ ਇਹ ਜਾਪਦਾ ਹੈ ਕਿ ਉਕਤ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਹੀਂ ਨਿਭਾ ਰਿਹਾ ਹੈ ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬੰਧਿਤ ਅਧਿਕਾਰੀ ਆਪਣਾ ਸਪੱਸ਼ਟੀਕਰਨ/ਜਵਾਬ ਮਿਤੀ 04.10.2022 ਨੂੰ ਸਵੇਰੇ 11.00 ਵਜੇ ਨਿੱਜੀ ਪੇਸ਼ ਹੋ ਕੇ ਦੇਣ ਦੇ ਹੁਕਮ ਦਿੱਤੇ ਗਏ ਹਨ । ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੰਬੰਧਿਤ ਅਧਿਕਾਰੀਆਂ ਖਿਲਾਫ ਇੱਕਤਰਫਾ ਕਾਰਵਾਈ ਅਮਲ ਵਿੱਚ ਲਿਆਉਦੇ ਹੋਏ ਮੁੱਖ ਦਫਤਰ ਨੂੰ ਵਿਭਾਗੀ ਕਾਰਵਾਈ ਲਈ ਲਿਖ ਦਿੱਤਾ ਜਾਵੇਗਾ।