ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਲੜਕੀ ਨਾਲ ਛੇੜਛਾੜ ਕਰਨ ਤੇ ਮੋਟਰਸਾਈਕਲ ਨਾਲ ਜਾਣ-ਬੁਝ ਕੇ ਟੱਕਰ ਮਾਰ ਕੇ ਮਾਰ ਦੇਣ ਦੀ ਨੀਅਤ ਦੇ ਮਾਮਲੇ 'ਚ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਇਕ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸੁਲਤਾਨਪੁਰ ਲੋਧੀ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਢੁਡੀਆਂਵਾਲ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਪਿੰਡ ਢੁਡੀਆਂਵਾਲ ਦਾ ਇਕ ਨੌਜਵਾਨ ਰੋਜ਼ਾਨਾ ਉਸ ਦੀ ਲੜਕੀ ਨੂੰ ਸਕੂਲ ਤੋਂ ਘਰ ਤੇ ਘਰ ਤੋਂ ਸਕੂਲ ਜਾਣ ਸਮੇਂ ਤੰਗ ਕਰਦਾ ਸੀ ਅਤੇ ਛੇੜਛਾੜ ਕਰਦਾ ਸੀ। ਬੀਤੇ 18 ਜਨਵਰੀ ਨੂੰ ਜਦੋਂ ਉਸਦੀ ਲੜਕੀ ਸਕੂਲ ਤੋਂ ਘਰ ਐਕਟਿਵਾ 'ਤੇ ਜਾ ਰਹੀ ਸੀ ਤਾਂ ਰਸਤੇ ਵਿੱਚ ਉਸੇ ਲੜੇ ਨੇ ਪਹਿਲਾਂ ਆਪਣੇ ਮੋਟਰਸਾਈਕਲ ਨਾਲ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ 'ਤੇ ਉਸ ਦੀ ਲੜਕੀ ਸੜਕ ਦਰਮਿਆਨ ਡਿੱਗ ਪਈ ਤੇ ਫਿਰ ਉਸ ਲੜਕੇ ਨੇ ਜਾਣਬੁੱਝ ਕੇ ਉਸ ਦੀ ਲੜਕੀ ਨੂੰ ਮਾਰ ਦੇਣ ਦੀ ਨੀਅਤ ਨਾਲ ਮੋਟਰਸਾਈਕਲ ਨੂੰ ਭਜਾ ਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਉਸ ਦੀ ਲੜਕੀ ਦਾ ਬੁਰੀ ਤਰ੍ਹਾਂ ਨਾਲ ਿਢੱਡ ਫਟ ਗਿਆ ਅਤੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਖੇ ਭੇਜਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਏਐੱਸਆਈ ਗੁਰਦੀਪ ਸਿੰਘ ਚੌਕੀ ਇੰਚਾਰਜ ਭੁਲਾਣਾ ਕਰ ਰਹੇ ਹਨ। ਜਾਂਚ ਅਧਿਕਾਰੀ ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਲੜਕਾ ਲੰਮੇ ਸਮੇਂ ਤੋਂ ਉਕਤ ਲੜਕੀ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰਦਾ ਸੀ ਤੇ ਉਸ ਦਿਨ ਵੀ ਉਸ ਨੇ ਲੜਕੀ ਨਾਲ ਪਹਿਲਾਂ ਗਾਲੀ ਗਲੋਚ ਵੀ ਕੀਤਾ ਤੇ ਫਿਰ ਜਾਣ-ਬੁੱਝ ਕੇ ਟੱਕਰ ਮਾਰ ਕੇ ਮਾਰ ਦੇਣ ਦੀ ਨੀਅਤ ਨਾਲ ਮੋਟਰਸਾਈਕਲ ਉਸ ਉਪਰ ਚੜ੍ਹਾ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਦੀ ਹਾਲਤ ਹਾਲੇ ਵੀ ਗੰਭੀਰ ਹੈ ਤੇ ਉਸ ਦੇ 2 ਆਪਰੇਸ਼ਨ ਹੋ ਚੁੱਕੇ ਹਨ ਤੇ ਡਾਕਟਰਾਂ ਨੇ ਉਸ ਨੂੰ ਹਾਲੇ ਬਿਆਨ ਦੇਣ ਤੋਂ ਅਣਫਿੱਟ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਉਕਤ ਲੜਕੇ ਵਿਸ਼ਾਲ ਮੱਟੂ ਵਾਸੀ ਢੁਡੀਆਂਵਾਲ ਦੇ ਵਿਰੱਧ ਆਈਪੀਸੀ ਧਾਰਾ 307, 354 ਡੀ ਤਹਿਤ ਮੁਕੱਦਮਾ ਨੰਬਰ 21 ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁਲਜ਼ਮ ਪੁਲਿਸ ਦੀ ਗਿ੍ਫਤ ਤੋਂ ਬਾਹਰ ਹੈ, ਜਿਸ ਨੂੰ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ।