ਸਰਬੱਤ ਸਿੰਘ ਕੰਗ, ਬੇਗੋਵਾਲ

ਜ਼ਿਲ੍ਹਾ ਪੁਲਿਸ ਮੁਖੀ ਕੰਵਰਜੀਤ ਕੌਰ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਨਸ਼ਿਆਂ ਦੀ ਨਾਜਾਇਜ਼ ਤਸਕਰੀ ਖਿਲਾਫ ਅਰੰਭੀ ਮੁਹਿੰਮ ਅਧੀਨ ਬੇਗੋਵਾਲ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਏਐਸਪੀ ਭੁਲੱਥ ਅਜੇ ਗਾਂਧੀ ਨੇ ਦੱਸਿਆ ਕਿ ਬੇਗੋਵਾਲ ਪੁਲਿਸ ਵੱਲੋਂ ਥਾਣਾ ਮੁਖੀ ਸੋਨਮਦੀਪ ਕੌਰ ਦੀ ਅਗਵਾਈ ਹੇਠ ਭਦਾਸ ਮਕਸੂਦਪੁਰ ਸੜਕ ਤੇ ਗਸ਼ਤ ਕੀਤੀ ਜਾ ਰਹੀ ਸੀ। ਤਾਂ ਏਐਸਆਈ ਹਰਪਾਲ ਸਿੰਘ ਤੇ ਸਾਥੀਆਂ ਵੱਲੋਂ ਮਕਸੂਦਪੁਰ ਵੱਲੋਂ ਆ ਰਹੇ ਮੋਟਰਸਾਈਕਲ ਨੰਬਰ ਪੀਬੀ-08-ਈਜੀ- 7530 ਤੇ ਸਵਾਰ ਦੋ ਮੋਨੇ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਤਾਂ ਉਹ ਪੁਲਿਸ ਤੋ ਡਰਦੇ ਇੱਕ ਪਲਾਸਟਿਕ ਦਾ ਲਿਫਾਫਾ ਸੁੱਟ ਕੇ ਪਿੱਛੇ ਵੱਲ ਮੁੜ ਗਏ। ਇਸ ਦੋਰਾਨ ਪੁਲਿਸ ਦੇ ਜਵਾਨਾਂ ਨੇ ਪਿੱਛਾ ਕਰਕੇ ਉਹਨਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਉਕਤ ਨੌਜਵਾਨਾਂ ਦੀ ਪਹਿਚਾਣ ਰਾਜਵਿੰਦਰ ਸਿੰਘ ਹਨੀ ਪੁੱਤਰ ਬੂਟਾ ਸਿੰਘ ਅਤੇ ਰਾਜਵਿੰਦਰ ਸਿੰਘ ਰਾਜੂ ਪੁੱਤਰ ਬੂਟਾ ਸਿੰਘ ਵਾਸੀਆਨ ਪਿੰਡ ਮਕਸੂਦਪੁਰ ਵਜੋਂ ਹੋਈ। ਪੁਲਿਸ ਵੱਲੋਂ ਪਲਾਸਟਿਕ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 210 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਮੁਖੀ ਸੋਨਮਦੀਪ ਕੌਰ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਨਸ਼ਿਆਂ ਦੀ ਤਸਕਰੀ ਖਿਲਾਫ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।