ਪੱਤਰ ਪ੍ਰਰੇਰਕ, ਸੁਲਤਾਨਪੁਰ ਲੋਧੀ : ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਅਤੇ ਦਿਨ ਰਾਤ ਸ਼ਰੇਆਮ ਹੋ ਰਹੀਆਂ ਹਨ। ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਈ ਸੰਗਤ ਦੇ ਮੋਟਰਸਾਈਕਲ, ਸਕੂਟਰ ਅਤੇ ਹੋਰ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਪ੍ਰਵਾਹ ਨਹੀਂ ਕਰਦੇ। ਬੀਤੇ ਦਿਨੀਂ ਇਕ ਅੌਰਤ ਸੁਨੀਤਾ ਰਾਣੀ ਆਪਣੀ ਧੀ ਨਾਲ ਬੱਸ ਸਟੈਂਡ ਸਾਹਮਣੇ ਯੂਨੀਅਨ ਬੈਂਕ ਵਿਚੋਂ ਪੈਸੇ ਕੱਢਵਾ ਕੇ ਮੁਹੱਲਾ ਅਰੋੜਾ ਰਸਤਾ ਸਿਵਲ ਹਸਪਤਾਲ ਦੇ ਪਿੱਛੇ ਵਾਲੀ ਗੱਲੀ ਵਿਚੋਂ ਘਰ ਵਾਪਸ ਜਾ ਰਹੀ ਸੀ ਕਿ ਇਕ ਮੋਟਰਸਾਈਕਲ ਸਵਾਰ ਨੌਜਵਾਨ ਪੈਸੇ ਵਾਲਾ ਲਿਫਾਫਾ ਖੋਹ ਕੇ ਫ਼ਰਾਰ ਹੋ ਗਿਆ। ਮੁਹੱਲੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਸਾਰੀ ਘਟਨਾ ਕੈਦ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਅੌਰਤ ਨੇ ਦੱਸਿਆ ਕਿ ਆਪਣੀ ਧੀ ਕਵਿਤਾ ਨਾਲ ਯੂਨੀਅਨ ਬੈਂਕ ਵਿਚੋਂ 6000 ਰੁਪਏ ਕੱਢਵਾ ਕੇ ਮੁਹੱਲਾ ਅਰੋੜਾ ਰਸਤਾ ਰਾਹੀਂ ਘਰ ਵਾਪਸ ਜਾ ਰਹੀ ਸੀ ਕਿ ਇਕ ਮੋਟਰਸਾਈਕਲ ਸਵਾਰ ਮੁਲਜ਼ਮ ਪੈਸੇ ਵਾਲਾ ਲਿਫਾਫਾ ਖੋਹ ਕੇ ਫ਼ਰਾਰ ਹੋ ਗਿਆ। ਲਿਫਾਫੇ ਵਿਚ ਬੈਂਕ ਦੀ ਕਾਪੀ, ਘਰ ਦੀਆਂ ਚਾਬੀਆਂ ਵੀ ਸਨ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਮੁਲਜ਼ਮ ਨੂੰ ਜਲਦੀ ਕਾਬੂ ਕੀਤਾ ਜਾਵੇ।