ਜੇਐੱਨਐੱਨ, ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਸਥਾਨਕ ਕਲਵਰੀ ਚਰਚ 'ਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਕਲਵਰੀ ਚਰਚ ਲੋਹੀਆਂ ਚੁੰਗੀ ਸੁਲਤਾਨਪੁਰ ਲੋਧੀ 'ਚੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਨੇ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਗੁਰਜੰਟ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਸ਼ੇਰਪੁਰ ਨੂੰ ਗਿ੍ਫ਼ਤਾਰ ਕੀਤਾ ਹੈ। ਜਿਸ ਦੀ ਤਲਾਸ਼ੀ ਲੈਣ 'ਤੇ ਪੁਲਿਸ ਨੂੰ ਇਕ ਚੋਰੀ ਦਾ ਸਿਲੰਡਰ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਈ ਜਾਵੇਗੀ।