ਅਮਰ ਪਾਸੀ, ਫਗਵਾੜਾ : ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਸਥਿਤ ਕਬਾਨਾ ਹੋਟਲ ਸਾਹਮਣੇ ਬੀਤੇ ਦਿਨੀਂ ਮੋਟਰਸਾਈਕਲ 'ਤੇ ਸਵਾਰ ਮਾਂ ਤੇ ਪੁੱਤਰ ਲੰਘ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਮੋਟਰਸਾਈਕਲ ਹੋਟਲ ਦੇ ਠੀਕ ਸਾਹਮਣੇ ਖਰਾਬ ਹੋ ਗਿਆ। ਜਦੋਂ ਪੁੱਤਰ ਨੇ ਆਪਣਾ ਮੋਟਰਸਾਈਕਲ ਰੋਕ ਕੇ ਦੇਖਣਾ ਚਾਹਿਆ ਤਾਂ ਦੂਜੀ ਸਾਈਡ ਤੋਂ ਇਕ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਉਨ੍ਹਾਂ ਕੋਲ ਪਹੁੰਚੇ। ਉਨ੍ਹਾਂ 'ਚੋਂ ਇਕ ਨੌਜਵਾਨ ਨੇ ਦਾਤਰ ਵਿਖਾ ਕੇ ਮਾਂ ਤੇ ਪੁੱਤਰ ਕੋਲੋਂ ਇਕ ਮੋਬਾਈਲ ਫੋਨ, ਸੋਨੇ ਦੀਆਂ ਵਾਲੀਆਂ ਤੇ ਕਰੀਬ ਅੱਠ ਹਜ਼ਾਰ ਰੁਪਏ ਨਕਦੀ ਖੋਹ ਲਈ ਤੇ ਵਾਰਦਾਤ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਦਰ ਪੁਲਿਸ ਨੂੰ ਆਪਣੀ ਲਿਖਤੀ ਸ਼ਿਕਾਇਤ ਦਿੰਦੇ ਹੋਏ ਯੋਧਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਮਾਨਾਂਵਾਲੀ ਜ਼ਿਲ੍ਹਾ ਲੁਧਿਆਣਾ ਨੇ ਉਕਤ ਵਾਰਦਾਤ ਬਾਰੇ ਦੱਸਿਆ, ਜਿਸ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਸਦਰ ਪੁਲਿਸ ਵੱਲੋਂ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।