ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ 1 ਵਿਅਕਤੀ ਨਾਲ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ 1 ਅੌਰਤ ਸਮੇਤ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਐਸਐਚਓ ਜਸਬੀਰ ਸਿੰਘ ਨੇ ਦੱਸਿਆ ਕਿ ਪੀੜਤ ਮਨਿੰਦਰ ਕੁਮਾਰ ਪੁੱਤਰ ਰਜਿੰਦਰ ਪ੍ਰਸਾਦ ਵਾਸੀ ਪੰਮਣ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਬੀਤੇ ਦਿਨੀਂ ਕਰੀਬ 6.40 ਵਜੇ ਉਹ ਘਰ ਦੇ ਬਾਹਰ ਮੇਨ ਸੜਕ 'ਤੇ ਮੋਬਾਈਲ 'ਤੇ ਗੇਮ ਖੇਡ ਰਿਹਾ ਸੀ ਅਤੇ ਉਸ ਦੇ ਪਿਤਾ ਰਜਿੰਦਰ ਪ੍ਰਸਾਦ ਹਵੇਲੀ ਵਿਚ ਮੌਜੂਦ ਸੀ। ਇੰਨੇ ਨੂੰ ਉਸ ਨੂੰ ਇਕੱਲੇ ਨੂੰ ਵੇਖ ਕੇ ਲਵਪ੍ਰਰੀਤ ਤੇ ਗੋਰਾ ਆ ਗਏ, ਜਿਨ੍ਹਾਂ 'ਚੋਂ ਗੋਰੇ ਦੇ ਹੱਥ ਵਿਚ ਡਾਂਗ ਤੇ ਲਵਪ੍ਰਰੀਤ ਦੇ ਹੱਥ ਵਿਚ ਲੋਹੇ ਦੀ ਰਾਡ ਸੀ ਅਤੇ ਉਸ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨਾਲ ਸੀਮਾ ਪਤਨੀ ਸੋਨੂੰ ਜਿਸ ਦੇ ਹੱਥ ਵਿਚ ਲੋਹੇ ਦੀ ਰਾਡ ਸੀ ਵੀ ਆ ਗਈ ਤੇ ਉਨ੍ਹਾਂ ਨੇ ਉਸ ਦੇ ਸਿਰ ਵਿਚ ਵਾਰ ਕਰ ਦਿੱਤੇ। ਉਨ੍ਹਾਂ ਵੱਲੋਂ ਰੌਲਾ ਪਾਉਣ 'ਤੇ ਉੱਥੇ ਹੋਰ ਲੋਕ ਇਕੱਠੇ ਹੋ ਗਏ। ਜਿਸ ਮਗਰੋਂ ਉਹ ਘਰ ਨੂੰ ਚਲੇ ਗਏ। ਉਹ ਦੁਬਾਰਾ ਫਿਰ ਹਥਿਆਰਾਂ ਸਮੇਤ ਆਏ ਤਾਂ ਉਹ ਆਪਣੀ ਹਵੇਲੀ ਵਿਚ ਮੌਜੂਦ ਸੀ। ਉਨ੍ਹਾਂ ਨੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਫ਼ਰਾਰ ਹੋ ਗਏ। ਐਸ ਐਚ ਓ ਨੇ ਦੱਸਿਆ ਕਿ ਮਾਮਲੇ 'ਚ ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਲਵਪ੍ਰਰੀਤ, ਗੋਰਾ, ਸੀਮਾ ਵਾਸੀ ਪਿੰਡ ਪੰਮਣ ਥਾਣਾ ਤਲਵੰਡੀ ਚੌਧਰੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।