ਜੇਐੱਨਐੱਨ, ਸੁਲਤਾਨਪੁਰ ਲੋਧੀ : ਸਥਾਨਕ ਮੁਹੱਲਾ ਪਟੂਆ 'ਚ ਸ਼ਨਿਚਰਵਾਰ ਦੀ ਰਾਤ ਨੂੰ ਚੋਰਾਂ ਨੇ ਸੇਵਾਮੁਕਤ ਬਿਜਲੀ ਮੁਲਜ਼ਮ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਜਾਣਕਾਰੀ ਮੁਤਾਬਕ ਸੇਵਾਮੁਕਤ ਬਿਜਲੀ ਕਰਮੀ ਦੌਲਤ ਰਾਮ ਬਿਮਾਰੀ ਕਾਰਨ ਇਲਾਜ ਲਈ ਕਪੂਰਥਲਾ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਸਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢੀਆਂ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਅਣਪਛਾਤੇ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਹਨ। ਹਸਪਤਾਲ ਤੋਂ ਉਹ ਛੁੱਟੀ ਲੈ ਕੇ ਘਰ ਪੁੱਜੇ ਤਾਂ ਉਨ੍ਹਾਂ ਦੇ ਘਰ ਦੇ ਸਟੋਰ ਤੇ ਅਲਮਾਰੀਆਂ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਘਰ ਦਾ ਕਾਫੀ ਸਾਮਾਨ ਇੱਧਰ-ਉਧਰ ਖਿਲਰਿਆ ਪਿਆ ਸੀ। ਘਰ ਦੇ ਮਾਲਕ ਦੌਲਤ ਰਾਮ ਨੇ ਦੱਸਿਆ ਕਿ ਘਰ ਦੇ ਦਰਵਾਜ਼ੇ ਤੋੜ ਕੇ ਚੋਰਾਂ ਨੇ ਅਲਮਾਰੀਆਂ ਦੇ ਜਿੰਦਰੇ ਤੋੜ ਕੇ ਉਥੋਂ ਲਗਪਗ 15 ਤੋਲੇ ਸੋਨਾ ਤੇ ਤੀਹ ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਆਪਣੇ ਇਲਾਜ ਲਈ ਕਪੂਰਥਲਾ ਖੇਤਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਸਨ ਕਿ ਉਨ੍ਹਾਂ ਨੂੰ ਸ਼ਨਿਚਰਵਾਰ ਰਾਤ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਘਰ 'ਚ ਚੋਰੀ ਦੀ ਵਾਰਦਾਤ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।