ਜੇਐੱਨਐੱਨ, ਕਪੂਰਥਲਾ : ਕੇਂਦਰੀ ਜੇਲ੍ਹ ਕਪੂਰਥਲਾ 'ਚ ਬੀਤੀ ਰਾਤ ਸੀਆਰਪੀਐੱਫ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ 'ਚੋਂ ਪੰਜ ਮੋਬਾਈਲ ਫੋਨ, ਸਿੰਮ ਕਾਰਡ, ਡੋਂਗਲ ਤੇ ਡਾਟਾ ਕੇਬਲ ਬਰਾਮਦ ਕੀਤੇ ਗਏ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਮਜ਼ਦ ਮੁਲਜ਼ਮਾਂ ਨੂੰ ਜਲਦੀ ਹੀ ਥਾਣਾ ਕੋਤਵਾਲੀ 'ਚ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਏਡੀਜੀਪੀ ਜੇਲ੍ਹ ਪ੍ਰਵੀਨ ਸਿਨਹਾ ਦੇ ਹੁਕਮਾਂ 'ਤੇ ਸੂਬੇ ਦੀਆਂ ਸਾਰੀਆਂ ਜੇਲ੍ਹਾਂ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚ ਬੀਤੀ ਰਾਤ ਸੀਆਰਪੀਐੱਫ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸੀਆਰਪੀਐੱਫ ਨੇ ਪੰਜ ਮੋਬਾਈਲ ਫੋਨ, ਦੋ ਸਿੰਮ ਕਾਰਡ, ਡੋਂਗਲ, ਚਾਰਜ ਤੇ ਡਾਟਾ ਕੇਬਲ ਬਰਾਮਦ ਕੀਤੀ। ਪੁਲਿਸ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।