ਅਮਰ ਪਾਸੀ, ਫਗਵਾੜਾ

ਫਗਵਾੜਾ ਸ਼ਹਿਰ ਵਿਚ ਅੱਜ-ਕੱਲ੍ਹ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਪਾਸ਼ ਇਲਾਕੇ ਹਰਗੋਬਿੰਦ ਨਗਰ 'ਚ ਵੇਖਣ ਨੂੰ ਮਿਲੀ, ਜਿੱਥੇ ਕਿ ਆਪਣੇ ਘਰ 'ਚ ਇਕ ਕੱਪੜੇ ਦੀ ਦੁਕਾਨ ਕਰਦੇ ਇਕ ਸੀਨੀਅਰ ਭਾਜਪਾ ਆਗੂ ਦੇ ਪੁੱਤਰ ਦੇ ਗਲ ਵਿਚੋਂ ਦਿਨ-ਦਿਹਾੜੇ ਸੋਨੇ ਦੀ ਚੇਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਸੀਨੀਅਰ ਭਾਜਪਾ ਆਗੂ ਰਮੇਸ਼ ਸਚਦੇਵਾ ਦਾ ਪੁੱਤਰ ਨੀਰਜ ਸੱਚਦੇਵਾ ਰੋਜ਼ਾਨਾ ਵਾਂਗ ਆਪਣੀ ਦੁਕਾਨ ਅੰਦਰ ਬੈਠਾ ਗਾਹਕ ਦੀ ਉਡੀਕ ਕਰਦਾ ਪਿਆ ਸੀ। ਉਸ ਵੇਲੇ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੁਕਾਨ 'ਤੇ ਪੁੱਜੇ, ਜਿਨ੍ਹਾਂ 'ਚੋਂ ਇਕ ਨੌਜਵਾਨ ਦੁਕਾਨ ਦੇ ਅੰਦਰ ਪਹੁੰਚ ਗਿਆ ਤੇ ਦੂਸਰਾ ਬਾਹਰ ਮੋਟਰਸਾਈਕਲ 'ਤੇ ਬੈਠ ਕੇ ਆਪਣੇ ਸਾਥੀ ਦੀ ਉਡੀਕ ਕਰਨ ਲੱਗਾ ਜੋ ਨੌਜਵਾਨ ਦੁਕਾਨ ਦੇ ਅੰਦਰ ਪੁੱਜਾ ਸੀ। ਉਸ ਨੇ ਆਪਣੇ ਮੂੰਹ ਦੇ ਉੱਪਰ ਰੁਮਾਲ ਬੰਨਿ੍ਹਆ ਹੋਇਆ ਸੀ ਅਤੇ ਆ ਕੇ ਕੁਝ ਖ਼ਰੀਦਦਾਰੀ ਕਰਨ ਦੀ ਇੱਛਾ ਪ੍ਰਗਟ ਕੀਤੀ। ਇਸ ਮਗਰੋਂ ਦੁਕਾਨਦਾਰ ਨੀਰਜ ਸਚਦੇਵਾ ਵੱਲੋਂ ਵੱਖ-ਵੱਖ ਵੈਰਾਇਟੀ ਦਿਖਾਉਣੀ ਸ਼ੁਰੂ ਕੀਤੀ ਗਈ। ਗਾਹਕ ਬਣ ਕੇ ਆਏ ਨੌਜਵਾਨ ਵੱਲੋਂ ਅਚਾਨਕ ਉਸ ਦੇ ਗਲ 'ਚ ਪਈ ਕਰੀਬ ਤਿੰਨ ਤੋਲੇ ਦੀ ਸੋਨੇ ਦੀ ਚੇਨ ਨੂੰ ਝਪਟਾ ਮਾਰ ਕੇ ਤੋੜ ਲਿਆ ਗਿਆ ਤੇ ਬਾਹਰ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਨੀਰਜ ਸਚਦੇਵਾ ਨੇ ਦੱਸਿਆ ਕਿ ਉਸ ਵੱਲੋਂ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਬੜੀ ਹੀ ਤੇਜ਼ੀ ਨਾਲ ਫ਼ਰਾਰ ਹੋ ਚੁੱਕੇ ਸਨ। ਥਾਣਾ ਸਿਟੀ ਪੁਲਿਸ ਨੂੰ ਮਾਮਲੇ ਸਬੰਧੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ। ਇਹ ਸਾਰੀ ਵਾਰਦਾਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ ਜਿਸ ਦੀ ਫੁਟੇਜ ਦੇ ਆਧਾਰ 'ਤੇ ਪੁਲਿਸ ਵੱਲੋਂ ਆਪਣੀ ਜਾਂਚ ਸ਼ੁਰੂ ਕੀਤੀ ਗਈ ਹੈ।