<

p> ਜੇਐੱਨਐੱਨ, ਕਪੂਰਥਲਾ : ਸੀਆਈਏ ਸਟਾਫ ਕਪੂਰਥਲਾ ਦੀ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਬੇਈਂ ਕੰਢੇ 2000 ਕਿੱਲੋ ਲਾਹਣ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਬਰਾਮਦ ਇਸ ਲਾਹਣ ਨਾਲ ਲੱਖਾਂ ਮਿਲੀਲੀਟਰ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਸੀ। ਇਸ ਮਾਮਲੇ 'ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੂਟਾਂ 'ਚ ਬੇਈਂ ਦੇ ਕੰਢੇ ਡਰੰਮਾਂ 'ਚ ਸ਼ਰਾਬ ਮਾਫੀਆ ਨੇ ਭਾਰੀ ਮਾਤਰਾ 'ਚ ਨਾਜਾਇਜ਼ ਤੌਰ 'ਤੇ ਲਾਹਣ ਦੀ ਵੱਡੀ ਖੇਪ ਦਬਾ ਕੇ ਰੱਖੀ ਹੋਈ ਹੈ। ਇਸ 'ਤੇ ਸੀਆਈਏ ਇੰਚਾਰਜ ਨੇ ਪੁਲਿਸ ਟੀਮ ਤਿਆਰ ਕਰ ਕੇ ਜਦੋਂ ਬੇਈਂ ਦੇ ਕੰਢੇ ਖੇਤਾਂ 'ਚ ਸਰਚ ਕੀਤੀ ਤਾਂ ਪੁਲਿਸ ਟੀਮ ਨੂੰ 10 ਡਰੰਮ ਬਰਾਮਦ ਹੋਏ। ਜਦੋਂ ਇਨ੍ਹਾਂ ਡਰੰਮਾਂ ਦੀ ਜਾਂਚ ਕੀਤੀ ਗਈ ਤਾਂ ਡਰੰਮਾਂ 'ਚੋਂ 2000 ਕਿੱਲੋ ਲਾਹਣ ਬਰਾਮਦ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਬਰਾਮਦ ਲਾਹਣ ਨਾਲ ਲੱਖਾਂ ਮਿਲੀਲੀਟਰ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਸੀ। ਜਿਸ ਲਈ ਸ਼ਰਾਬ ਮਾਫੀਆ ਨੇ ਇਹ ਸੁੰਨਸਾਨ ਥਾਂ ਦੀ ਚੋਣ ਕੀਤੀ ਸੀ। ਉਥੇ ਇੰਨੀ ਵੱਡੀ ਮਾਤਰਾ 'ਚ ਨਾਜਾਇਜ਼ ਲਾਹਣ ਦੀ ਖੇਪ ਰੱਖਣ ਵਾਲੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਸੀਆਈਏ ਸਟਾਫ ਕਪੂਰਥਲਾ ਦੀ ਪੁਲਿਸ ਨੇ ਜਿੱਥੇ ਲਾਹਣ ਰੱਖਣ ਵਾਲੇ ਦੋਸ਼ੀ ਦੀ ਤਲਾਸ਼ 'ਚ ਛਾਪਾਮਾਰੀ ਤੇਜ਼ ਕਰ ਦਿੱਤੀ ਹੈ, ਉਥੇ ਇਹ ਲਾਹਣ ਕਿੱਥੋਂ ਆਈ ਸੀ ਤੇ ਇਨ੍ਹਾਂ ਨੂੰ ਲਿਆਉਣ ਵਾਲੇ ਮੁਲਜ਼ਮ ਕੌਣ ਸਨ, ਇਸ ਦੀ ਜਾਂਚ ਦਾ ਦੌਰ ਜਾਰੀ ਹੈ।