ਅਮਰ ਪਾਸੀ, ਫਗਵਾੜਾ

ਨਜ਼ਦੀਕੀ ਪਿੰਡ ਪਾਂਸ਼ਟਾ ਵਿਖੇ ਵਿਆਹੁਤਾ ਅੌਰਤ ਵੱਲੋਂ ਸ਼ੱਕੀ ਹਾਲਾਤ 'ਚ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਦੀ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਪਹਿਲਾ ਪਾਂਸ਼ਟਾ ਦੇ ਸਿਵਲ ਹਸਪਤਾਲ ਤੇ ਬਾਅਦ 'ਚ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਉਸ ਦੀ ਪਛਾਣ ਸੁਖਬੀਰ ਕੌਰ ਪਤਨੀ ਰਮਨਦੀਪ ਸਿੰਘ ਵਾਸੀ ਪਿੰਡ ਪਾਂਸ਼ਟਾ ਵਜੋਂ ਹੋਈ ਹੈ। ਮਾਮਲੇ ਸਬੰਧੀ ਦੱਸਦਿਆਂ ਪੀੜਤ ਸੁਖਬੀਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕੁਝ ਮਹੀਨੇ ਪਹਿਲਾ ਹੀ ਰਮਨਦੀਪ ਸਿੰਘ ਨਾਲ ਹੋਇਆ ਹੈ ਅਤੇ ਉਸ ਨੇ ਆਈਲੈਟਸ ਤੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਸੀ, ਜਿਸ ਕਾਰਨ ਵਿਦੇਸ਼ ਜਾਣ ਲਈ ਉਸ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਦੋਵੇਂ ਪਤੀ-ਪਤਨੀ ਵਿਦੇਸ਼ ਜਾਣ 'ਚ ਜੋ ਵੀ ਖਰਚਾ ਹੋਵੇਗਾ ਸਾਰਾ ਖਰਚਾ ਸਹੁਰਾ ਪਰਿਵਾਰ ਹੀ ਕਰੇਗਾ। ਪਰ ਪਿੰਡ ਦੇ ਹੀ ਕੁਝ ਮੋਹਤਬਰ ਵਿਅਕਤੀ ਤੇ ਸਹੁਰਾ ਪਰਿਵਾਰ ਦੇ ਕੁਝ ਵਿਅਕਤੀਆਂ ਨੇ ਆਪਣੇ ਇਸ ਵਾਅਦੇ ਤੋਂ ਮੁਕਰ ਗਏ, ਜਿਸ ਕਾਰਨ ਉਹ ਵੱਡੀ ਮਾਨਸਿਕ ਪਰੇਸ਼ਾਨੀ 'ਚ ਚਲੀ ਗਈ ਤੇ ਉਸ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪੀੜਤ ਸੁਖਬੀਰ ਕੌਰ ਦੀ ਤਬੀਅਤ ਬਾਰੇ ਦੱਸਿਆ ਗਿਆ ਹੈ ਕਿ ਉਹ ਖਤਰੇ ਤੋਂ ਬਾਹਰ ਹੈ। ਉਧਰ ਦੂਜੇ ਪਾਸੇ ਸੁਖਵੀਰ ਕੌਰ ਦੇ ਪਤੀ ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਜਾਂਚ ਕਰਨ ਲਈ ਇਨਸਾਫ ਦੀ ਗੁਹਾਰ ਲਗਾਈ ਗਈ ਹੈ।