ਕੈਪਸ਼ਨ-3ਕੇਪੀਟੀ1ਪੀ, ਫੜੇ ਗਏ ਦੋਸ਼ੀ ਏਐਸਆਈ ਲਖਵਿੰਦਰ ਸਿੰਘ ਅਤੇ ਹੋਰਨਾਂ ਨਾਲ

ਰਘਬਿੰਦਰ ਸਿੰਘ, ਨਡਾਲਾ

ਨਡਾਲਾ ਪੁਲਿਸ ਨੇ ਇਕ ਪਰਵਾਸੀ ਲੜਕੇ ਤੋਂ ਮੋਬਾਈਲ ਫੋਨ ਖੋਹਣ ਦਾ ਮਾਮਲਾ 48 ਘੰਟਿਆਂ 'ਚ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਚੌਕੀ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 30 ਜੁਲਾਈ ਰਾਤ ਨਡਾਲਾ ਗੈਸ ਏਜੰਸੀ 'ਚ ਕੰਮ ਕਰਦੇ ਅਰਵਿੰਦ ਕੁਮਾਰ ਦੇ ਲੜਕੇ ਵਿਮਲ ਕੁਮਾਰ ਕੋਲੋ ਐਕਟਿਵਾ ਸਵਾਰ ਲੁਟੇਰਿਆਂ ਨੇ ਕਾਤਲਾਨਾ ਹਮਲਾ ਕਰ ਕੇ ਉਸ ਕੋਲੋ ਕਰੀਬ 10,000 ਦੀ ਕੀਮਤ ਦਾ ਵੀਵੋ ਕੰਪਨੀ ਦਾ ਮੋਬਾਈਲ ਫੋਨ ਖੋਹ ਕੇ ਭੱਜ ਗਏ। ਇਸ ਸਬੰਧੀ ਥਾਣਾ ਸੁਭਾਨਪੁਰ 'ਚ ਮਾਮਲਾ ਦਰਜ ਕਰ ਲਿਆ ਸੀ। ਇਸ ਸਬੰਧੀ ਸੂਚਨਾ ਮਿਲਣ 'ਤੇ ਨਡਾਲਾ ਪੁਲਿਸ ਵੱਲੋਂ ਬਿਜਲੀ ਘਰ ਨਡਾਲਾ ਨੇੜੇ ਦਾਣਾ ਮੰਡੀ ਵੱਲ ਗਸ਼ਤ ਕੀਤੀ ਜਾ ਰਹੀ ਸੀ ਤਾਂ ਦੋ ਸ਼ੱਕੀ ਨੌਜਵਾਨਾਂ ਸੁਖਜੀਤ ਸਿੰਘ ਅਕਾਸ਼ ਪੁੱਤਰ ਅਵਤਾਰ ਸਿੰਘ ਪਿੰਡ ਰਾਏਪੁਰ ਪੀਰਬਖਸ਼ ਤੇ ਸੰਦੀਪ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਖਾਨਪੁਰ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹ ਖੋਹਿਆ ਹੋਇਆ ਮੋਬਾਈਲ ਫੋਨ ਵੇਚਣ ਲਈ ਗਾਹਕ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਸਬੰਧਤ ਵਿਅਕਤੀ ਵਿਮਲ ਕੁਮਾਰ ਨੂੰ ਮੌਕੇ 'ਤੇ ਬੁਲਾ ਕੇ ਸ਼ਨਾਖਤ ਕਰਵਾਈ ਤਾਂ ਉਸ ਨੇ ਦੋਸ਼ੀਆਂ ਨੂੰ ਪਛਾਣ ਲਿਆ। ਇਸ ਦੌਰਾਨ ਦੋਵਾਂ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਰਿਮਾਂਡ ਲੈ ਲਿਆ ਗਿਆ। ਦੋਸ਼ੀਆਂ ਕੋਲੋਂ ਵਾਰਦਾਤ ਲਈ ਵਰਤੀ ਐਕਟਿਵਾ, ਕਿਰਚ ਤੇ ਮੋਬਾਈਲ ਸਿੰਮ ਬਰਾਮਦ ਕਰਨੀ ਹੈ। ਦੋਸ਼ੀਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।