ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਮਾਮਲੇ 'ਚ 2 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਫਰਜ਼ੀ ਏਜੰਟ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਮੇਹਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਨੱਥੂਪੁਰ ਥਾਣਾ ਤਲਵੰਡੀ ਚੌਧਰੀਆਂ ਨੇ ਐੱਸਐੱਸਪੀ ਕਪੂਰਥਲਾ, ਡੀਐੱਸਪੀ ਸੁਲਤਾਨਪੁਰ ਲੋਧੀ ਨੂੰ ਭੇਜੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਆਪਣੇ ਲੜਕੇ ਯਾਦਵਿੰਦਰ ਸਿੰਘ ਨੂੰ ਸਾਊਥ ਕੋਰੀਆ ਭੇਜਣ ਲਈ ਏਜੰਟ ਸਰਬਜੀਤ ਸਿੰਘ ਉਰਫ ਸਾਬੀ ਨਾਲ ਗੱਲਬਾਤ ਕੀਤੀ। ਜਿਸ ਨੇ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਲਈ ਉਸ ਕੋਲੋਂ ਪਿੰਡ ਨੱਥੂਪੁਰ ਤੋਂ 2 ਲੱਖ ਰੁਪਏ ਤੇ ਪਾਸਪੋਰਟ ਲੈ ਲਿਆ ਅਤੇ ਉਸ ਦੇ ਲੜਕੇ ਯਾਦਵਿੰਦਰ ਸਿੰਘ ਨੂੰ ਜਲਦੀ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ। ਉਸ ਨੇ ਦੱਸਿਆ ਕਿ ਉਕਤ ਏਜੰਟ ਸਾਬੀ ਨੇ ਨਾ ਤਾਂ ਉਸ ਦੇ ਲੜਕੇ ਨੂੰ ਸਾਊਥ ਕੋਰੀਆ ਭੇਜਿਆ ਤੇ ਨਾ ਹੀ ਮੇਰੇ ਕੋਲੋ ਲਏ ਹੋਏ 2 ਲੱਖ ਰੁਪਏ ਤੇ ਪਾਸਪੋਰਟ ਵਾਪਸ ਕੀਤਾ। ਹੁਣ ਉਹ ਜਾਣ-ਬੁਝ ਕੇ ਵਾਰ-ਵਾਰ ਟਾਲ-ਮਟੋਲ ਕਰ ਕੇ ਪਰੇਸ਼ਾਨ ਕਰ ਰਿਹਾ ਹੈ। ਇਸ ਲਈ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਥਾਣਾ ਮੁੱਖੀ ਨੇ ਦੱਸਿਆ ਕਿ ਐੱਸਐੱਸਪੀ ਸਾਹਿਬ ਨੇ ਮਾਮਲਾ ਡੀਐੱਸਪੀ ਸੁਲਤਾਨਪੁਰ ਲੋਧੀ ਨੂੰ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਡੀਐੱਸਪੀ ਸਰਵਨ ਸਿੰਘ ਬੱਲ ਵੱਲੋਂ ਦਿੱਤੇ ਨਿਰਦੇਸ਼ਾਂ 'ਤੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਅਜੀਤ ਸਿੰਘ ਵਾਸੀ ਨਵਾਂ ਪਿੰਡ ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅੰਮਿ੍ਤਸਰ ਖ਼ਿਲਾਫ਼ ਮੁਕੱਦਮਾ ਨੰਬਰ 95 ਆਈਪੀ ਧਾਰਾ 420 ਦੇ ਤਹਿਤ ਦਰਜ ਕਰ ਲਿਆ ਹੈ ਤੇ ਉਕਤ ਏਜੰਟ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।