ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ 'ਚ ਪੁਲਿਸ ਨੇ 2 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਤੋੜਾ ਰਾਜਪੂਤਾਂ ਥਾਣਾ ਅਜਨਾਲਾ ਦੇ ਇਕ ਵਾਸੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਤੋਂ ਝੋਨਾ ਲਾਉਣ ਵਾਸਤੇ ਬਲਵਿੰਦਰ ਸਿੰਘ ਵਾਸੀ ਰਣਧੀਰਪੁਰ ਦੇ ਡੇਰਾ ਮੋਟਰ ਨੇੜੇ ਮਹੱਬਲੀਪੁਰ ਵਿਖੇ 9 ਜੁਲਾਈ ਨੂੰ ਰੋਟੀ ਖਾਣ ਉਪਰੰਤ ਰਾਤ ਨੂੰ ਸੌਂ ਗਏ ਤਾਂ ਰਾਤ ਕਰੀਬ 12.30 ਵਜੇ ਉਸ ਨੇ ਉਠ ਕੇ ਵੇਖਿਆ ਕਿ ਉਸ ਦੀ ਨਾਬਾਲਿਗ ਲੜਕੀ ਉੱਥੇ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਸਮੇਤ ਕਾਫੀ ਦਿਨ ਲੜਕੀ ਦੀ ਭਾਲ ਕੀਤੀ ਪਰ ਉਹ ਕਿਧਰੇ ਨਹੀਂ ਮਿਲੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਨੂੰ ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਅਵਾਨ ਵਸਾਊ ਥਾਣਾ ਭਿੰਡੀ ਸੈਦਾ ਜਿਲ੍ਹਾ ਅੰਮਿ੍ਤਸਰ ਆਪਣੇ ਸਾਥੀ ਸੁੱਖਾ ਸਿੰਘ ਪੁੱਤਰ ਰਤਨ ਸਿੰਘ ਵਾਸੀ ਅਵਾਨ ਵਸਾਊ ਨਾਲ ਰਲ ਕੇ ਗੱਡੀ (ਪੀਬੀ 32-8985) 'ਤੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾ ਕੇ ਲੈ ਗਿਆ ਹੈ, ਜਿਸ ਦੀ ਭਾਲ ਕਰਕੇ ਕਥਿਤ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਜਾਵੇ। ਥਾਣਾ ਮੁੱਖੀ ਨੇ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਆਈਪੀਸੀ ਧਾਰਾ 363, 366 ਏ ਤਹਿਤ ਮੁਕੱਦਮਾ ਨੰਬਰ 199 ਦਰਜ ਕਰ ਲਿਆ ਹੈ ਤੇ ਲੜਕੀ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।