ਅਮਰ ਪਾਸੀ, ਫਗਵਾੜਾ

ਥਾਣਾ ਸਿਟੀ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਗਾਇਬ ਹੋਈਆਂ ਦੋ ਲੜਕੀਆਂ ਦੇ ਮਾਮਲੇ 'ਚ ਜਾਂਚ ਕਰਦੇ ਹੋਏ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜੋ ਦੋ ਲੜਕੀਆਂ ਗਾਇਬ ਹੋਈਆਂ ਹਨ ਉਨ੍ਹਾਂ 'ਚੋਂ ਇਕ ਲੜਕੀ ਨਾਬਾਲਗ ਦੱਸੀ ਜਾ ਰਹੀ ਹੈ। ਪਹਿਲੇ ਮਾਮਲੇ 'ਚ ਜੇਸੀਟੀ ਮਿੱਲ ਥਾਪਰ ਕਾਲੋਨੀ ਦੇ ਇਕ ਵਿਅਕਤੀ ਵੱਲੋਂ ਦਿੱਤੀ ਗਈ ਪੁਲਿਸ ਨੂੰ ਆਪਣੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਉਸ ਦੀ ਨਾਬਾਲਗ ਭੈਣ ਨੂੰ ਕੋਈ ਅਣਪਛਾਤੇ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਕੁਝ ਦਿਨ ਪਹਿਲਾ ਭਜਾ ਕੇ ਲੈ ਗਿਆ ਹੈ। ਦੂਸਰੇ ਮਾਮਲੇ ਵਿਚ ਸੰਦੀਪ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਪੀਪਾਰੰਗੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਕਿਹਾ ਕਿ ਉਸ ਦੀ ਸਾਲੀ ਕਾਜਲ, ਜਿਸ ਦੀ ਉਮਰ ਕਰੀਬ 19 ਸਾਲ ਹੈ ਤੇ ਉਹ ਰੋਜ਼ਾਨਾ ਵਾਂਗ ਆਪਣੇ ਘਰੋਂ ਕੰਮ 'ਤੇ ਗਈ ਸੀ ਜੋ ਕਿ ਕਿਧਰੇ ਚਲੀ ਗਈ ਹੈ। ਉਨ੍ਹਾਂ ਨੂੰ ਵੀ ਇਹ ਸ਼ੱਕ ਹੈ ਕਿ ਕੋਈ ਅਣਪਛਾਤੇ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਕਿਧਰੇ ਲੈ ਗਿਆ ਹੈ। ਥਾਣਾ ਸਿਟੀ ਪੁਲਿਸ ਵੱਲੋਂ ਦੋਵਾਂ ਹੀ ਮਾਮਲਿਆਂ 'ਚ ਜਾਂਚ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।