ਜੇਐੱਨਐੱਨ, ਕਪੂਰਥਲਾ : ਪਿਛਲੇ ਦਿਨੀਂ ਕੁਸ਼ਟ ਆਸ਼ਰਮ ਖੇਤਰ 'ਚ ਇਕ ਮੁਲਜ਼ਮ ਨੇ ਬਹਾਨੇ ਨਾਲ ਇਕ ਘਰ 'ਚ ਦਾਖ਼ਲ ਹੋ ਕੇ 11 ਸਾਲਾ ਇਕ ਬੱਚੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਪੀੜਤ ਬੱਚੀ ਦੇ ਬਿਆਨਾਂ 'ਤੇ ਜਿੱਥੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਉਥੇ ਛਾਪਾਮਾਰੀ ਦੌਰਾਨ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕੁਸ਼ਟ ਆਸ਼ਰਮ ਖੇਤਰ ਨਾਲ ਸਬੰਧਤ ਇਕ ਮਹਿਲਾ ਨੇ ਥਾਣਾ ਸਿਟੀ ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਪਿਛਲੇ ਦਿਨੀਂ ਆਪਣੀ 11 ਸਾਲਾ ਬੱਚੀ ਸਮੇਤ ਘਰ 'ਚ ਮੌਜੂਦ ਸੀ, ਜਿਸ ਦੌਰਾਨ ਉਸ ਦੇ ਗੁਆਂਢ 'ਚ ਰਹਿੰਦੇ ਮੁਲਜ਼ਮ ਵਰਿੰਦਰ ਕਲਿਆਣਾ ਉਰਫ ਸੰਨੀ ਪੁੱਤਰ ਬਿੱਟੂ ਵਾਸੀ ਅੰਬਗੜ੍ਹ ਜਲੰਧਰ ਨਾਲ ਉਸ ਦੇ ਘਰ ਆ ਗਿਆ ਤੇ ਉਸ ਨੇ ਉਸ ਦੀ ਬੱਚੀ ਨੂੰ ਪੈਰਾਂ 'ਚ ਦਰਦ ਦੇ ਬਹਾਨੇ ਦੂਜੇ ਕਮਰੇ 'ਚ ਲੈ ਗਿਆ। ਇਸ ਦੌਰਾਨ ਉਸ ਨੂੰ ਉਸ ਦੀ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਜਦੋਂ ਉਹ ਮੌਕੇ 'ਤੇ ਪੱੁਜੀ ਤਾਂ ਉਸ ਨੇ ਵੇਖਿਆ ਕਿ ਮੁਲਜ਼ਮ ਵਰਿੰਦਰ ਕਲਿਆਣ ਉਰਫ ਸੰਨੀ ਬੱਚੀ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਐੱਸਐੱਚਓ ਹਰਜਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪੁੱਜੇ ਤੇ ਮਹਿਲਾ ਪੁਲਿਸ ਦੀ ਮਦਦ ਨਾਲ ਪੀੜਤ ਬੱਚੀ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ। ਉਥੇ ਘਟਨਾ ਦੌਰਾਨ ਫ਼ਰਾਰ ਹੋਏ ਮੁਲਜ਼ਮ ਵਰਿੰਦਰ ਕਲਿਆਣ ਉਰਫ ਸੰਨੀ ਨੂੰ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ। ਜਦੋਂ ਗਿ੍ਫ਼ਤਾਰ ਮੁਲਜ਼ਮ ਵਰਿੰਦਰ ਕਲਿਆਣ ਉਰਫ ਸੰਨੀ ਤੋਂ ਡੀਐੱਸਪੀ ਸੁਰਿੰਦਰ ਸਿੰਘ ਦੀ ਨਿਗਰਾਨੀ 'ਚ ਪੁੱਛਗਿੱਛ ਕੀਤੀ ਗਈ ਤਾਂ ਉਹ ਇਕ ਵੱਡਾ ਦੋਸ਼ੀ ਨਿਕਲਿਆ। ਉਕਤ ਮੁਲਜ਼ਮ ਖ਼ਿਲਾਫ਼ ਥਾਣਾ ਕਰਤਾਰਪੁਰ ਤੇ ਭੁਲੱਥ 'ਚ ਲੁੱਟ-ਖੋਹ, ਡਰੱਗ ਬਰਾਮਦਗੀ ਤੇ ਲੜਾਈ-ਝਗੜੇ ਦੇ ਨੌਂ ਮਾਮਲੇ ਦਰਜ ਹਨ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਕਾਫੀ ਅਪਰਾਧਿਕ ਕਿਸਮ ਦਾ ਵਿਅਕਤੀ ਹੈ। ਮਾਮਲੇ ਦੀ ਜਾਂਚ 'ਚ ਜੁਟੀ ਪੁਲਿਸ ਟੀਮ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਗਿ੍ਫ਼ਤਾਰ ਮੁਲਜ਼ਮ ਖ਼ਿਲਾਫ਼ ਦੂਜੇ ਜ਼ਿਲਿ੍ਹਆਂ ਦੇ ਹੋਰਨਾਂ ਥਾਣਿਆਂ 'ਚ ਵੀ ਮਾਮਲੇ ਦਰਜ ਹੋਣ। ਜਿਸ ਬਾਰੇ ਵੱਖ-ਵੱਖ ਥਾਣਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਮੁਲਜ਼ਮ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ।