ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਵੱਲੋਂ ਕੋਵਿਡ-19 ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਆਂ ਬੰਦਿਸ਼ਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹੱਦ ਅੰਦਰ ਵੀ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 27 ਅਪ੍ਰਰੈਲ ਤੋਂ ਲਾਗੂ ਹੋ ਕੇ ਅਗਲੇ ਹੁਕਮਾਂ ਤਕ ਪ੍ਰਭਾਵ 'ਚ ਰਹਿਣਗੇ। ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਕਹਿਰ ਮੁੜ ਤੋਂ ਤੇਜ਼ੀ ਨਾਲ ਵੱਧ ਚੁੱਕਾ ਹੈ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੀਆਂ ਰੋਕਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਰੋਨਾ ਦੇ ਤੇਜ਼ੀ ਨਾਲ ਵਾਧੇ ਨੂੰ ਰੋਕ ਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਅੰਦਰ ਸਾਰੀਆਂ ਦੁਕਾਨਾਂ/ਸ਼ਾਪਿੰਗ ਮਾਲਜ਼/ਮਲਟੀਪਲੈਕਸ ਰੋਜ਼ਾਨਾ ਸ਼ਾਮ 5 ਵਜੇ ਬੰਦ ਹੋ ਜਾਣਗੇ ਪਰ ਹੋਮ ਡਲਿਵਰੀ ਰਾਤ 9 ਵਜੇ ਤਕ ਚਾਲੂ ਰਹੇਗੀ।

ਉਨ੍ਹਾਂ ਕਿਹਾ ਕਿ ਕਰਫਿਊ ਸਮਾ ਰੋਜ਼ਾਨਾ ਸਾਮ 6 ਤੋਂ ਸਵੇਰੇ 5 ਵਜੇ ਤਕ ਲਾਗੂ ਰਹੇਗਾ, ਜਦਕਿ ਹਫ਼ਤਾਵਾਰੀ ਕਰਫਿਊ ਸ਼ਨੀਵਾਰ ਸ਼ਾਮ 5 ਤੋਂ ਸੋਮਵਾਰ ਸਵੇਰੇ 5 ਵਜੇ ਤਕ ਹੋਵੇਗਾ। ਇਸ ਦੌਰਾਨ ਜਰੂਰੀ ਸੇਵਾਵਾਂ ਜਾਰੀ ਰਹਿਣਗੀਆਂ।

ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਸਾਰੇ ਪ੍ਰਰਾਈਵੇਟ ਦਫਤਰ, ਜਿਸ 'ਚ ਸੇਵਾ ਖੇਤਰ ਵੀ ਸ਼ਾਮਲ ਹੈ, ਨੂੰ 'ਵਰਕ ਫਰਾਮ ਹੋਮ' ਦੀ ਇਜ਼ਾਜਤ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਕੁਝ ਖੇਤਰਾਂ ਤੇ ਸੇਵਾਵਾਂ ਨੂੰ ਛੋਟ ਵੀ ਦਿੱਤੀ ਗਈ ਹੈ।

1. ਮੈਡੀਕਲ ਦੀਆਂ ਦੁਕਾਨਾਂ ਤੇ ਜ਼ਰੂਰੀ ਵਸਤਾਂ ਦੁੱਧ, ਡੇਅਰੀ, ਸਬਜ਼ੀਆਂ, ਫਲ ਆਦਿ ਦੀ ਸਪਲਾਈ ਨਾਲ ਜੁੜੀਆਂ ਦੁਕਾਨਾਂ।

2. ਮੈਨੂੰਫੈਕਚਰਿੰਗ ਉਦਯੋਗ ਤਹਿਤ ਉਦਯੋਗਿਕ ਫਰਮਾਂ, ਲੇਬਰ ਨੂੰ ਆਉਣਾ-ਜਾਣਾ, ਉਦਯੋਗਿਕ ਫਰਮਾਂ ਦੇ ਵਹੀਕਲ ਆਦਿ। ਇਸ ਸਬੰਧੀ ਸਬੰਧਤ ਫਰਮ ਵੱਲੋਂ ਲਿਖਤ 'ਚ ਸਬੰਧਤ ਕਰਮਚਾਰੀ ਜਾਂ ਵਿਅਕਤੀ ਨੂੰ ਪਾਸ ਦੇਣਾ ਹੋਵੇਗਾ।

3. ਹਵਾਈ ਯਾਤਰਾ, ਰੇਲਵੇ ਯਾਤਰਾ, ਬੱਸਾਂ ਰਾਹੀਂ ਸਫਰ ਕਰਨ ਵਾਲੇ ਯਾਤਰੀ (ਜਿਨ੍ਹਾਂ ਕੋਲ ਬਕਾਇਦਾ ਯਾਤਰਾ ਦੇ ਸਬੂਤ ਹੋਣ ਕਿ ਉਨ੍ਹਾਂ ਕਿੱਥੋਂ-ਕਿੱਥੇ ਜਾਣਾ ਹੈ।

4. ਸ਼ਹਿਰੀ ਤੇ ਦਿਹਾਤੀ ਖੇਤਰਾਂ ਅੰੰਦਰ ਉਸਾਰੀ ਦਾ ਕੰਮ।

5. ਖੇਤੀਬਾੜੀ, ਬਾਗਬਾਨੀ, ਪਸੂ ਪਾਲਣ, ਵੈਟਰਨਰੀ ਸੇਵਾਵਾਂ।

6. ਈ-ਕਾਮਰਸ ਤੇ ਵਸਤਾਂ ਦੀ ਢੋਆ ਢੁਆਈ ਸਬੰਧ ਰੱਖਣ ਵਾਲੇ ।

7. ਕਰੋਨਾ ਦੀ ਵੈਕਸੀਨ ਲਗਾਉਣ ਲਈ ਕੈਂਪਸ ਅਤੇ ਉੱਥੇ ਜਾਣ ਵਾਲੀ ਆਮ ਪਬਲਿਕ।

ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ, ਕਿਉਂਕਿ ਕਰੋਨਾ ਇੱਕ ਭਿਆਨਕ ਮਹਾਮਾਰੀ ਹੈ ਤੇ ਇਸ ਤੋਂ ਬਚਾਓ ਲਈ ਸਾਨੂੰ ਸੋਸ਼ਲ ਡਿਸਟੈਂਸ, ਮਾਸਕ ਪਹਿਨਣਾ ਤੇ ਸੈਨੇਟਾਈਜ਼ਰ/ਸਾਬਣ ਨਾਲ ਆਪਣੇ ਹੱਥ ਲਗਾਤਾਰ ਸਾਫ ਕਰਦੇ ਰਹਿਣਾ ਚਾਹੀਦਾ ਹੈ।