ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਕਪੂਰਥਲਾ ਜ਼ਿਲ੍ਹੇ ਅੰਦਰ ਕੋਵਿਡ ਟੈਸਟ ਲਈ ਇਕੱਤਰ ਕੀਤੇ ਗਏ ਸੈਂਪਲਾਂ ਦਾ ਅੰਕੜਾ 3 ਲੱਖ ਤੋਂ ਪਾਰ ਕਰ ਗਿਆ ਹੈ। ਇਸ ਤੋਂ ਇਲਾਵਾ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਮਹਾਮਾਰੀ ਨੂੰ ਸ਼ੁਰੂ ਵਿਚ ਵੀ ਪਛਾਣ ਕੇ ਉਸ ਦਾ ਇਲਾਜ ਕਰਨ ਲਈ ਟੈਸਟਿੰਗ 'ਚ ਤੇਜ਼ੀ ਲਿਆਂਦੀ ਗਈ ਹੈ, ਜਿਸ ਤਹਿਤ ਰੋਜ਼ਾਨਾ ਇਕੱਤਰ ਕੀਤੇ ਜਾ ਰਹੇ ਸੈਂਪਲਾਂ ਦੀ ਗਿਣਤੀ ਵੀ 3000 ਤੋਂ ਟੱਪ ਗਈ ਹੈ, ਜੋ ਕਿ ਪਹਿਲਾਂ 1800 ਤੋਂ 2000 ਸੀ। ਡੀਸੀ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੀ 5 ਮਈ ਤੱਕ ਹੀ 311126 ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ, ਜਿਸ 'ਚੋਂ 3 ਮਈ ਨੂੰ 2385, 4 ਮਈ ਨੂੰ 3145 ਅਤੇ 5 ਮਈ ਨੂੰ 3005 ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਲੱਛਣ ਹੋਣ 'ਤੇ ਤੁਰੰਤ ਟੈਸਟ ਕਰਵਾਉਣ ਦੇ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਕਰਕੇ ਲੋਕ ਹੁਣ ਜ਼ਿਆਦਾ ਟੈਸਟ ਕਰਵਾਉਣ ਲਈ ਸਾਹਮਣੇ ਆ ਰਹੇ ਹਨ। ਹੁਣ ਤੱਕ ਲਏ ਗਏ ਨਮੂਨਿਆਂ ਵਿਚੋਂ ਕੁੱਲ 13868 ਪਾਜੇਵਿਟ ਕੇਸ ਸਾਹਮਣੇ ਆਏ ਸਨ, ਜਿਨਾਂ ਵਿਚੋਂ 12852 ਕਪੂਰਥਲਾ ਜ਼ਿਲ੍ਹੇ ਦੇ ਅਤੇ 1016 ਹੋਰਨਾਂ ਜ਼ਿਲਿ੍ਹਆਂ ਨਾਲ ਸਬੰਧਤ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਦੇ ਕੇਸਾਂ ਵਿਚੋਂ 11554 ਸਿਹਤਯਾਬ ਹੋ ਕੇ ਘਰ ਪਰਤ ਗਏ ਹਨ ਜਦਕਿ 948 ਐਕਟਿਵ ਕੇਸ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਅੰਦਰ ਸਬਜ਼ੀਆਂ ਮੰਡੀਆਂ, ਮੁਹੱਲਿਆਂ, ਕਣਕ ਦੇ ਸੀਜ਼ਨ ਦੌਰਾਨ ਦਾਣਾ ਮੰਡੀਆਂ, ਪੁਲਿਸ ਨਾਕਿਆਂ ਉੱਪਰ ਟੈਸਟਿੰਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਸਬੰਧੀ ਮੌਤਾਂ ਦਾ ਮੁੱਖ ਕਾਰਨ ਦੇਰੀ ਨਾਲ ਟੈਸਟ ਕਰਵਾਉਣਾ ਤੇ ਇਸ ਦਾ ਸਮੇਂ ਸਿਰ ਇਲਾਜ ਨਾ ਕਰਵਾਉਣਾ ਹੈ, ਜਿਸ ਕਰ ਕੇ ਲੋਕ ਟੈਸਟਿੰਗ ਦੀ ਮਹੱਤਤਾ ਨੂੰ ਸਮਝਣ ਤੇ ਟੈਸਟ ਜ਼ਰੂਰ ਕਰਵਾਉਣ।