ਕੈਪਸ਼ਨ-12ਕੇਪੀਟੀ20ਪੀ, ਐੱਸਐੱਮਓ ਡਾ. ਅਨਿਲ ਮਨਚੰਦਾ ਗੱਲਬਾਤ ਕਰਦੇ ਹੋਏ।

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਬੀਤੇ ਦਿਨੀਂ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਪੈਂਦੇ ਮੁਹੱਲਾ ਜਵਾਲਾ ਸਿੰਘ ਨਗਰ ਦੇ ਵਿਅਕਤੀ ਅਸ਼ੋਕ ਕੁਮਾਰ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਪੀੜਤ ਹੋਣ ਕਾਰਨ ਹੋਈ ਮੌਤ ਉਪਰੰਤ ਸਿਹਤ ਵਿਭਾਗ ਵੱਲੋਂ ਸਿਵਿਲ ਹਸਪਤਾਲ ਦੇ ਐਸਐਮਓ ਡਾ. ਅਨਿਲ ਮਨਚੰਦਾ ਦੀ ਅਗਵਾਈ ਹੇਠ ਅਸ਼ੋਕ ਕੁਮਾਰ ਨਾਲ ਸਬੰਧਤ ਉਸ ਦਾ ਲੜਕਾ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਲੇ-ਦੁਆਲੇ ਦੇ 26 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਉਨ੍ਹਾਂ ਸਭ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਸਿਹਤ ਵਿਭਾਗ ਤੇ ਮੁਹੱਲਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਸਬੰਧੀ ਪੁਸ਼ਟੀ ਕਰਕੇ ਜਾਣਕਾਰੀ ਦਿੰਦੇ ਹੋਏ ਐੱਸਐੱਮਓ ਡਾ. ਅਨਿਲ ਮਨਚੰਦਾ ਨੇ ਦੱਸਿਆ ਕਿ ਮਿ੍ਤਕ ਅਸ਼ੋਕ ਕੁਮਾਰ ਦੇ ਬੇਟੇ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਸੰਪਰਕ ਵਿਚ ਰਹਿਣ ਵਾਲੇ ਜਿਨ੍ਹਾਂ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਉਹ ਵੀ ਸਾਰੇ ਨੈਗੇਟਿਵ ਹਨ। ਉਨ੍ਹਾਂ ਕਿਹਾ ਕਿ ਹਾਲੇ ਮਿ੍ਤਕ ਦੀ ਪਤਨੀ ਦੀ ਰਿਪੋਰਟ ਆਉਣੀ ਬਾਕੀ ਹੈ ਜੋ ਸੋਮਵਾਰ ਨੁੰ ਮਿਲ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਸਾਵਧਾਨੀਆਂ ਵਰਤ ਕੇ ਸਹਿਯੋਗ ਕਰਨ ਅਤੇ ਜਾਰੀ ਸਮੁੱਚੀਆਂ ਹਦਾਇਤਾਂ ਦਾ ਪਾਲਣ ਕਰਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਪੁਖਤਾ ਜਾਣਕਾਰੀ ਹੀ ਅੱਗੇ ਸਾਂਝੀ ਕੀਤੀ ਜਾਵੇ।