ਅਮਨਜੋਤ ਵਾਲੀਆ, ਕਪੂਰਥਲਾ : ਬੁਖਾਰ, ਖਾਂਸੀ, ਜੁਕਾਮ ਪੀੜਤ ਕਈ ਦਿਨਾਂ ਤੋਂ ਮਸਜਿਦ ਵਿਚ ਰਹਿਣ ਵਾਲੇ ਇਕ ਮੌਲਵੀ ਦੀ ਹਾਲਤ ਜ਼ਿਆਦਾ ਖਰਾਬ ਹੋਣ 'ਤੇ ਉਸ ਨੂੰ ਸੋਮਵਾਰ ਦੇਰ ਰਾਤ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਮੰਗਲਵਾਰ ਦੀ ਸਵੇਰੇ 10 ਵਜੇ ਡਾਕਟਰਾਂ ਦੀ ਟੀਮ ਵਲੋਂ ਮੌਲਵੀ ਦਾ ਤੇ ਹੋਰ ਸੈਂਪਲਾਂ ਦੇ ਨਾਲ-ਨਾਲ ਕੋਰੋਨਾ ਟੈੱਸਟ ਵੀ ਲਿਆ ਗਿਆ, ਪਰ ਕਥਿਤ ਤੌਰ 'ਤੇ ਕੋਰੋਨਾ ਸੈਂਪਲ ਦੇ ਬਾਅਦ ਵੀ ਉਸ ਨੂੰ ਐਮਰਜੈਂਸੀ ਵਾਰਡ ਵਿਚ ਰੱਖਿਆ ਗਿਆ ਹੈ। ਜਿੱਥੇ ਕੋਰੋਨਾ ਟੈਸਟ ਤੋਂ ਬਾਅਦ ਉਸ ਨੂੰ ਕੁਆਰੰਟਾਈਨ ਕਰਨਾ ਬਣਦਾ ਸੀ। ਪਰ ਡਾਕਟਰਾਂ ਦੀ ਕਥਿਤ ਲਾਪਰਵਾਹੀ ਦੇ ਚੱਲਦੇ ਉਸ ਨੂੰ ਐਮਰਜੈਂਸੀ ਵਾਰਡ ਵਿਚ ਰੱਖਿਆ ਗਿਆ ਹੈ। ਜਿਵੇਂ ਹੀ ਉਸ ਦੀ ਰਿਪੋਰਟ ਦੁਪਹਿਰ ਨੂੰ ਪਾਜ਼ੇਟਿਵ ਆਈ ਤਾਂ ਐਮਰਜੈਂਸੀ ਵਾਰਡ ਵਿਚ ਹਾਹਾਕਾਰ ਮੱਚ ਗਈ। ਇਸ ਦੌਰਾਨ ਐਮਰਜੈਂਸੀ ਵਾਰਡ ਵਿਚ 5 ਘੰਟੇ ਤੱਕ ਸੇਵਾਵਾਂ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤੀਆਂ ਗਈਆਂ ਹਨ ਅਤੇ ਦੂਸਰੀ ਜਗ੍ਹਾ 'ਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਮੌਲਵੀ ਦੀ ਪਾਜ਼ੇਟਿਵ ਰਿਪੋਰਟ ਦੇ ਬਾਅਦ ਐਮਰਜੈਂਸੀ ਵਾਰਡ 'ਚ ਤਾਇਨਾਤ ਇਕ ਡਾਕਟਰ, ਇਕ ਸਟਾਫ ਨਰਸ ਸਮੇਤ ਹੋਰ ਸਟਾਫ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਬੁੱਧਵਾਰ ਨੂੰ ਪੂਰੇ ਸਟਾਫ ਦੇ ਸੈਂਪਲ ਲਏ ਜਾਣਗੇ। ਉਥੇ ਹੀ ਡਾਕਟਰ ਨੇ ਦੱਸਿਆ ਕਿ ਜੋ ਪਾਜ਼ੇਟਿਵ ਮੌਲਵੀ ਪਾਇਆ ਗਿਆ ਹੈ, ਉਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਸਰਕੂਲਰ ਰੋਡ 'ਤੇ ਸਥਿਤ ਇਕ ਪ੍ਰਰਾਈਵੇਟ ਹਸਪਤਾਲ ਵਿਚ ਇਲਾਜ਼ ਕਰਵਾਉਂਦਾ ਰਿਹਾ ਹੈ। ਜਿਸ ਦੇ ਆਧਾਰ 'ਤੇ ਉਥੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਡਾਕਟਰ ਅਤੇ ਹੋਰ ਲੋਕਾਂ ਦੇ ਕੋਰੋਨਾ ਸੈਂਪਲ ਲਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਸੋਮਵਾਰ ਨੂੰ ਲਏ ਗਏ 236 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ। ਮੌਲਵੀ ਦਾ ਟੈੱਸਟ ਕਪੂਰਥਲਾ ਵਿਚ ਸਰਕਾਰ ਵਲੋਂ ਦਿੱਤੀ ਗਈ ਟਿਊਸ਼ਨ ਮਸ਼ੀਨ ਦੇ ਮਾਧਿਅਮ ਨਾਲ ਲਿਆ ਗਿਆ ਸੀ। ਜਿਸ ਦੀ ਰਿਪੋਰਟ ਢਾਈ ਘੰਟੇ ਵਿਚ ਆਈ ਅਤੇ ਮੌਲਵੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਉਥੇ ਹੀ ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ 286 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਨ੍ਹਾਂ ਵਿਚ ਕਪੂਰਥਲਾ ਤੋਂ 87 ਸੈਂਪਲ ਲਏ ਗਏ ਜਿਨ੍ਹਾਂ ਵਿਚ ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਦੁਬਈ ਤੋਂ ਆਉਣ ਵਾਲੇ 24 ਐੱਨਆਰਆਈ ਦੇ ਸੈਂਪਲ ਲਏ ਗਏ। ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਦੇ ਨਿੱਜੀ ਕਾਲਜ ਵਿਚ ਕੁਆਰੰਟਾਈਨ ਕੀਤਾ ਗਿਆ, ਉਥੇ ਹੀ 18 ਸੈਂਪਲ ਕੌਂਸਲਰ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਉਸ ਦੇ ਸਪੰਰਕ ਵਿਚ ਆਉਣ ਵਾਲੇ ਪਰਿਵਾਰਕ ਮੈਂਬਰਾਂ ਸਮੇਤ 18 ਲੋਕਾਂ ਦੇ ਲਏ ਗਏ ਹਨ। ਜਿਸ 'ਚ 10 ਪੁਲਿਸ ਕਰਮਚਾਰੀ, 2 ਸਰਜਰੀ, 3 ਗਰਭਵਤੀ ਮਹਿਲਾ ਸ਼ਾਮਲ ਹੈ। ਭੁਲੱਥ ਦੇ 13, ਫਗਵਾੜਾ ਤੋਂ 51, ਬੇਗੋਵਾਲ ਤੋਂ 21, ਫੱਤੂਢੀਂਗਾ ਤੋਂ 23, ਸੁਲਤਾਨਪੁਰ ਲੋਧੀ ਤੋਂ 18, ਕਾਲਾ ਸੰਿਘਆ ਤੋਂ 40, ਪਾਂਸ਼ਟ ਤੋਂ 21, ਆਰਸੀਐੱਫ ਤੋਂ 12 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਦਾ ਆਂਕੜਾ 102 ਤੱਕ ਪਹੁੰਚ ਗਿਆ, ਜਿਨ੍ਹਾਂ 'ਚੋਂ 57 ਠੀਕ ਹੋ ਚੁੱਕੇ ਹਨ। ਕੋਰੋਨਾ ਸੈਂਪਲਾਂ ਦੀ ਕੁੱਲ ਗਿਣਤੀ 11657 ਹੋ ਗਈ ਹੈ। ਜਿਨ੍ਹਾਂ ਵਿਚ ਨੈਗਟਿਵ 9847 ਨੈਗਟਿਵ ਤੇ ਪਾਜ਼ੇਟਿਵ ਦੀ ਗਿਣਤੀ 102 ਹੋ ਗਈ ਹੈ।