ਅਮਰ ਪਾਸੀ, ਫਗਵਾੜਾ : ਕੋਰੋਨਾ ਵਾਇਰਸ ਦੀ ਮਹਾਮਾਰੀ ਸ਼ਹਿਰਾਂ ਦੇ ਨਾਲ-ਨਾਲ ਹੁਣ ਪਿੰਡਾਂ ਵੱਲ ਵੀ ਆਪਣਾ ਰੁੱਖ ਕਰ ਚੁੱਕੀ ਹੈ। ਫਗਵਾੜਾ ਸਬ ਡਵੀਜ਼ਨ ਦੇ ਪਿੰਡ ਭੁੱਲਾਰਾਈ ਪਾਸ਼ਟਾ ਦੇ ਨਾਲ-ਨਾਲ ਹੁਣ ਕੋਰੋਨਾ ਵਾਇਰਸ ਨੇ ਪਿੰਡ ਮਹੇੜੂ 'ਚ ਦਸਤਕ ਦੇ ਦਿੱਤੀ ਹੈ। ਪਿੰਡ ਦੇ ਹੀ ਇੱਕ ਪਲੰਬਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਜਿਸ ਤੋਂ ਬਾਅਦ ਪੂਰਾ ਪਿੰਡ ਦਹਿਸ਼ਤ ਵਿਚ ਨਜ਼ਰ ਆ ਰਿਹਾ ਹੈ। ਹੈਲਥ ਡਿਪਾਰਟਮੈਂਟ ਅਤੇ ਪੁਲਿਸ ਵਲੋਂ ਪਿੰਡ ਮਹੇੜੂ ਵਿਖੇ ਪਹੁੰਚ ਕੇ ਪੂਰੇ ਮਾਮਲੇ ਸਬੰਧੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਪਾਂਸ਼ਟਾ ਦੀ ਟੀਮ ਪਿੰਡ ਮਹੇੜੂ ਪਹੁੰਚ ਗਈ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਪਾਜ਼ੇਟਿਵ ਆਉਣ ਵਾਲਾ ਵਿਅਕਤੀ ਜੋ ਕਿ ਪਲੰਬਰ ਦਾ ਕੰਮ ਕਰਦਾ ਹੈ ਅਤੇ ਆਪਣੇ ਕੰਮ ਦੇ ਸਿਲਸਿਲੇ ਵਿਚ ਕਈ ਵਾਰ ਜਲੰਧਰ ਜਾਂਦਾ ਸੀ ਉੱਥੇ ਹੀ ਇਸ ਨੂੰ ਉਕਤ ਬਿਮਾਰੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਰਘੁਬੀਰ ਸਿੰਘ ਨੇ ਦੱਸਿਆ ਕਿ ਐੱਸਐੱਮਓ ਰੀਟਾ ਬਾਲਾ, ਡਾਕਟਰ ਕਾਂਤਾ ਸਮੇਤ ਉਨ੍ਹਾਂ ਦੀ ਟੀਮ ਨੇ ਕੋਰੋਨਾ ਪਾਜ਼ੇਟਿਵ ਆਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਤੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਹਰ ਵਿਅਕਤੀ ਬਾਰੇ ਪੁੱਛਗਿੱਛ ਤੇ ਜਾਂਚ ਸ਼ੁਰੂ ਕੀਤੀ ਹੈ। ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਫਿਲਹਾਲ ਹੈਲਥ ਡਿਪਾਰਟਮੈਂਟ ਵਲੋਂ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੰਪਰਕ ਵਿਚ ਆਏ ਵਿਅਕਤੀ ਦਾ ਟੈਸਟ ਕਰਵਾਇਆ ਜਾਵੇਗਾ।