ਵਿਜੇ ਸੋਨੀ, ਫਗਵਾੜਾ : ਵਪਾਰ ਤੇ ਉਦਯੋਗ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਘਰ ਅੱਗੇ ਨਿਮਿਸ਼ਾ ਮਹਿਤਾ ਤਰਜ਼ਮਾਨ ਪੰਜਾਬ ਕਾਂਗਰਸ ਵੱਲੋਂ ਆਪਣੇ ਸਮੱਰਥਕਾਂ ਨਾਲ ਮਿਲ ਕੇ ਧਰਨਾ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੰਗਾ ਤੋਂ ਗੜ੍ਹਸ਼ੰਕਰ, ਆਨੰਦਪੁਰ ਸਾਹਿਬ ਤੇ ਨੈਨਾ ਦੇਵੀ ਜਾਣ ਵਾਲੀ ਸੜਕ ਨੂੰ ਚਾਰ ਮਾਰਗੀ ਕਰਨ ਲਈ ਰੋਡ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਨੀਂਹ ਪੱਥਰ ਰੱਖ ਕੇ ਐਲਾਨ ਕੀਤਾ ਸੀ ਕਿ ਜਲਦ ਹੀ ਇਸ ਸੜਕ ਨੂੰ ਚਾਰ ਮਾਰਗੀ ਕੀਤਾ ਜਾਵੇਗਾ। ਪਰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ . ਪ੍ਰਰੇਮ ਸਿੰਘ ਚੰਦੂਮਾਜਰਾ ਦੇ ਆਨੰਦਪੁਰ ਸਾਹਿਬ ਤੋਂ ਹਾਰਨ ਤੋਂ ਬਾਅਦ ਗਠਜੋੜ ਸਰਕਾਰ ਮੁਕਰ ਰਹੀ ਹੈ, ਜਿਸ ਕਾਰਨ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਗਾ ਤੋਂ ਨੈਨਾ ਦੇਵੀ ਤਕ ਜਾਂਦੀ ਸੜਕ ਨੂੰ ਚਾਰ ਮਾਰਗੀ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਕਾਂਗਰਸੀਆਂ ਦੇ ਇਸ ਧਰਨੇ ਤੋਂ ਫਗਵਾੜਾ ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਦੂਰੀ ਬਣਾਈ ਰੱਖੀ ਤੇ ਕੋਈ ਵੀ ਵੱਡੀ ਲੀਡਰ ਇਸ ਧਰਨੇ ਵਿਚ ਸ਼ਾਮਿਲ ਹੀ ਨਹੀਂ ਹੋਇਆ। ਇਸ ਮੌਕੇ ਮੌਜੂਦ ਸੀਨੀਅਰ ਭਾਜਪਾ ਆਗੂ ਰਕੇਸ਼ ਦੁੱਗਲ ਨੇ ਆਏ ਹੋਏ ਸਾਰੇ ਧਰਨਾਕਾਰੀਆਂ ਨੂੰ ਪਾਣੀ ਪਿਲਾਉਣ ਲਈ ਵਰਕਰਾਂ ਦੀ ਡਿਊਟੀ ਲਗਾਈ ਸੀ ਪਰ ਨਿਮਿਸ਼ਾ ਮਹਿਤਾ ਨੇ ਨਾ ਆਪ ਹੀ ਪਾਣੀ ਪੀਤਾ ਤੇ ਨਾ ਹੋਰਨਾਂ ਨੂੰ ਪੀਣ ਦਿੱਤਾ। ਸਾਰੇ ਵਰਕਰਾਂ ਤੇ ਆਗੂਆਂ ਨੂੰ ਰਕੇਸ਼ ਦੁੱਗਲ ਨੇ ਕਿਹਾ ਕਿ ਉਹ ਚੱਲ ਕੇ ਉਨ੍ਹਾਂ ਦੇ ਘਰ ਆਏ ਹਨ। ਉਨ੍ਹਾਂ ਦੀ ਆਓ ਭਗਤ ਕਰਨਾ ਉਨ੍ਹਾਂ (ਦੁੱਗਲ) ਦੀ ਜ਼ਿੰਮੇਵਾਰੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਇਹ ਧਰਨਾ ਸਿਰਫ਼ ਸ਼ੌਰਤ ਹਾਸਿਲ ਕਰਨ ਲਈ ਇਕ ਸਟੰਟ ਕੀਤਾ ਗਿਆ ਹੈ। ਵਣਜ ਤੇ ਵਪਾਰ ਮੰਤਰੀ ਸੋਮ ਪ੍ਰਕਾਸ਼ ਕੈਂਥ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਸ੍ਰੀ ਆਨੰਦਪੁਰ ਸਾਹਿਬ ਤੋਂ ਜਿੱਤ ਚੁੱਕੇ ਹਨ ਤੇ ਉਹ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰ ਕੇ ਇਹ ਗੱਲ ਸਿੱਧੀ ਦਿੱਲੀ ਦਰਬਾਰ ਪਹੁੰਚਾ ਸਕਦੇ ਹਨ। ਨਿਮਿਸ਼ਾ ਮਹਿਤਾ ਜਾਂ ਤਾਂ ਲੋਕਾਂ ਵਿਚ ਆਪਣੀ ਵਾਹ-ਵਾਹੀ ਕਰਵਾਉਣਾ ਚਾਹੁੰਦੀ ਹੈ ਜਾਂ ਫਿਰ ਆਪਣੀ ਹਾਈਕਮਾਂਡ ਦੇ ਲੀਡਰਾਂ ਦਾ ਧਿਆਨ ਆਪਣੇ ਵੱਲ ਖਿਚਣਾ ਚਾਹੁੰਦੀ ਹੈ। ਕਿਸੇ ਵੀ ਸਮੱਸਿਆਂ ਦਾ ਹੱਲ ਧਰਨਾ ਲਗਾ ਕੇ ਨਹੀ ਹੁੰਦਾ। ਜੇਕਰ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਹੈ ਤਾਂ ਸੋਮ ਪ੍ਰਕਾਸ਼ ਕੈਂਥ ਤੋਂ ਸਮਾਂ ਲੈ ਕੇ ਮਿਲ ਕੇ ਆਪਣੀਆਂ ਮੰਗਾਂ ਰੱਖ ਸਕਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਡੀਐੱਸਪੀ ਮਨਜੀਤ ਸਿੰਘ, ਐੱਸਐੱਚਓ ਸਿਟੀ ਕੁੰਵਰ ਵਿਜੇ, ਐੱਸਐੱਚਓ ਉਂਕਾਰ ਸਿੰਘ ਬਰਾੜ, ਟ੍ਰੈਫਿਕ ਇੰਚਾਰਜ਼ ਰਣਜੀਤ ਵਿਰਦੀ ਵੀ ਸਮੂਹ ਸਟਾਫ ਨਾਲ ਮੌਕੇ 'ਤੇ ਪੁੱਜੇ ਅਤੇ ਧਰਨਾਕਾਰੀਆਂ ਨੂੰ ਸਮਝਾਇਆ।