ਹਰਮੇਸ਼ ਸਰੋਆ, ਫਗਵਾੜਾ : ਕਾਂਗਰਸ ਪਾਰਟੀ ਦੇ ਡਿਪਟੀ ਸੀਐੱਲਪੀ ਲੀਡਰ ਰਾਜਕੁਮਾਰ ਚੱਬੇਵਾਲ ਨੇ ਅੱਜ ਫਗਵਾੜਾ ਵਿਖੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੇ ਤਾਜ਼ਾ ਸਿਆਸੀ ਹਾਲਾਤਾਂ ਬਾਰੇ ਡੂੰਘਾਈ ਨਾਲ ਚਰਚਾ ਕਰਨ ਉਪਰੰਤ ਸਥਾਨਕ ਜੀਟੀ ਰੋਡ ਸਥਿਤ ਅਸ਼ੀਸ਼ ਕਾਂਟੀਨੈਂਟਲ 'ਚ ਉਨ੍ਹਾਂ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਸੰਵਿਧਾਨਕ ਸੰਸਥਾਵਾਂ ਦਾ ਗ਼ਲਤ ਇਸਤੇਮਾਲ ਕਰ ਰਹੀ ਹੈ। ਸੰਵਿਧਾਨਕ ਕਦਰਾਂ ਕੀਮਤਾਂ ਨੂੰ ਿਛੱਕੇ 'ਤੇ ਟੰਗਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਪਾਰਲੀਮੈਂਟ 'ਚ ਗੌਤਮ ਅਡਾਨੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਸਬੰਧਾਂ ਨੂੰ ਲੈ ਕੇ ਸਵਾਲ ਚੁੱਕੇ ਸਨ। ਜਿਸ ਦੇ ਤੁਰੰਤ ਬਾਅਦ ਸਾਲ 2019 ਦੀ ਇਕ ਝੂਠੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਦਾਇਰ ਮੁਕੱਦਮੇ 'ਚ ਸੁਣਵਾਈ ਸ਼ੁਰੂ ਕਰ ਕੇ ਬੀਤੀ 23 ਮਾਰਚ ਨੂੰ ਗੁਜਰਾਤ ਦੀ ਸੂਰਤ ਕੋਰਟ ਨੇ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੂੰ ਮਾਨਹਾਣੀ ਦੇ ਕੇਸ 'ਚ 2 ਸਾਲ ਦੀ ਸਜ਼ਾ ਸੁਣਾਈ ਗਈ ਹੋਵੇ। ਚੱਬੇਵਾਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਅਦਾਲਤੀ ਫ਼ੈਸਲੇ ਦੇ ਸਿਰਫ 24 ਘੰਟੇ ਦੇ ਅੰਦਰ ਹੀ ਰਾਹੁਲ ਗਾਂਧੀ ਨੂੰ ਲੋਕਸਭਾ ਸਕੱਤਰੇਤ ਵੱਲੋਂ ਬਤੌਰ ਐੱਮਪੀ ਅਯੋਗ ਕਰਾਰ ਦੇ ਦਿੱਤਾ। ਜਦਕਿ ਭਾਜਪਾ ਦੇ 55 ਫੀਸਦੀ ਐੱਮਪੀ ਸੰਗੀਨ ਜੁਰਮਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਿਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਤੋਂ ਸਪਸ਼ਟ ਹੈ ਕਿ ਮੋਦੀ ਸਰਕਾਰ ਰਾਹੁਲ ਗਾਂਧੀ ਦੇ ਸਵਾਲਾਂ ਤੇ ਕਾਂਗਰਸ ਪਾਰਟੀ ਤੋਂ ਡਰੀ ਹੋਈ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਸਰਕਾਰ ਦੀਆਂ ਕੋਝੀਆਂ ਚਾਲਾਂ ਤੋਂ ਘਬਰਾਉਣ ਵਾਲੀ ਨਹੀਂ ਹੈ। ਇਹ ਸਾਰਾ ਡਰਾਮਾ 2024 ਦੀਆਂ ਲੋਕਸਭਾ ਚੋਣਾਂ ਨੂੰ ਮੁੱਖ ਰੱਖ ਕੇ ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਲੀਡਰਾਂ ਦੀਆਂ ਜਾਨਾਂ ਕੁਰਬਾਨ ਕਰ ਕੇ ਇਸ ਦੇਸ਼ ਦੀ ਆਜ਼ਾਦੀ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਾਂਗਰਸ ਪਾਰਟੀ ਦੇ ਸਮੂਹ ਵਰਕਰ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਦੇ ਖ਼ਿਲਾਫ਼ ਵੀ ਵੱਡਾ ਸੰਘਰਸ਼ ਵਿੱਢਣ ਲਈ ਤਿਆਰ ਹਨ।

ਇਸ ਮੌਕੇ ਡੈਲੀਗੇਟ ਮੈਂਬਰ ਗੁਰਜੀਤ ਪਾਲ ਵਾਲੀਆ, ਬਲਾਕ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਜਸਵੰਤ ਸਿੰਘ ਨੀਟਾ ਦਿਹਾਤੀ ਪ੍ਰਧਾਨ, ਨਰੇਸ਼ ਭਾਰਦਵਾਜ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਸਾਬਕਾ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਸੰਜੀਵ ਬੁੱਗਾ, ਸੀਨੀਅਰ ਆਗੂ ਵਿਨੋਦ ਵਰਮਾਨੀ, ਸੁਖਵਿੰਦਰ ਬਿੱਲੂ ਖੇੜਾ, ਦਰਸ਼ਨ ਸਿੰਘ ਪਿੰ੍ਸ, ਰਾਮਪਾਲ ਉੱਪਲ, ਅਮਰਜੀਤ ਨਿੱਝਰ ਆਦਿ ਹਾਜ਼ਰ ਸਨ।