ਜੇਐੱਨਐੱਨ, ਕਪੂਰਥਲਾ : ਸਿਟੀ ਹਾਰਟ ਦੇ ਨਾਂ ਨਾਲ ਮਸ਼ਹੂਰ ਚੌਕ ਜਲੌਖਾਨਾ ਪਿਛਲੇ ਚਾਰ ਮਹੀਨੇ ਤੋਂ ਆਪਣੀ ਬਦਹਾਲੀ 'ਤੇ ਹੰਝੂ ਵਹਾ ਰਿਹਾ ਹੈ। ਇਸ ਚੌਕ 'ਚ ਸਬੰਧਤ ਠੇਕੇਦਾਰ ਨੇ ਚਾਰ ਮਹੀਨੇ ਪਹਿਲਾਂ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ। 80 ਫ਼ੀਸਦੀ ਕੰਮ ਵੀ ਪੂਰਾ ਹੋ ਗਿਆ ਪਰ ਅਗਸਤ 'ਚ ਠੇਕੇਦਾਰ ਵੱਲੋਂ ਲਗਾਈਆਂ ਇੰਟਰਲਾਕ ਟਾਇਲਾਂ ਨੂੰ ਨਿਗਮ ਦੇ ਮੁਲਾਜ਼ਮਾਂ ਨੇ ਪੁੱਟ ਦਿੱਤਾ। ਇਸ ਤੋਂ ਬਾਅਦ ਚੌਕ ਬਦਹਾਲ ਸਥਿਤੀ 'ਚ ਹੈ। ਨਿਗਮ ਨੇ ਕਿਹਾ ਕਿ ਠੇਕੇਦਾਰ ਨੂੰ ਉਕਤ ਚੌਕ 'ਚ ਸੀਸੀ ਫਲੌਰਿੰਗ ਕਰਨ ਲਈ ਕਿਹਾ ਗਿਆ ਸੀ ਪਰ ਉਸ ਦੇ ਮੁਲਾਜਮਾਂ ਨੇ ਇੰਟਰਲਾਕ ਟਾਇਲਾਂ ਲਗਾ ਦਿੱਤੀਆਂ। ਦੂਜੇ ਪਾਸੇ ਠੇਕੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਟਾਇਲਾਂ ਲਾਉਣ ਦਾ ਹੀ ਟੈਂਡਰ ਦਿੱਤਾ ਗਿਆ ਸੀ। ਚੌਕ ਦੇ ਦੁਕਾਨਦਾਰਾਂ ਅਜੇ ਰਾਮਪਾਲ, ਵਿਜੇ ਮਰਵਾਹਾ, ਹੇਮੰਤ ਧੀਰ ਆਦਿ ਨੇ ਕਿਹਾ ਕਿ ਨਿਗਮ ਤੇ ਠੇਕੇਦਾਰ ਵਿਚਕਾਰ ਤਾਲਮੇਲ ਦੀ ਘਾਟ ਦਾ ਨਤੀਜਾ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਬੁੱਧਵਾਰ ਦੇਰ ਰਾਤ ਸ਼ੁਰੂ ਹੋਈ ਤੇ ਸ਼ੁੱਕਰਵਾਰ ਸਾਰਾ ਦਿਨ ਹੋਈ ਬੂੰਦਾਬਾਂਦੀ ਨੇ ਚੌਕ ਦੇ ਆਸਪਾਸ ਚਿੱਕੜ ਹੀ ਚਿੱਕੜ ਹੀ ਕਰ ਦਿੱਤਾ ਹੈ। ਚੌਕ 'ਚ ਸਥਿਤ ਪ੍ਰਰਾਚੀਨ ਮਾਤਾ ਸ਼ੀਤਲਾ ਮੰਦਰ 'ਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਕਾਨਦਾਰੀ ਵੀ ਖਰਾਬ ਹੋ ਰਹੀ ਹੈ। ਅਧੂਰੇ ਕੰਮ ਕਾਰਨ ਲੰਘਣ ਵਾਲੇ ਸਕੂਲੀ ਵਿਦਿਆਰਥੀਆਂ ਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਾਕਸ-- ਟਾਇਲਾਂ ਲਾਉਣ ਦਾ ਮਿਲਿਆ ਸੀ ਟੈਂਡਰ : ਠੇਕੇਦਾਰ

ਹੁਸ਼ਿਆਰਪੁਰ ਵਾਸੀ ਠੇਕੇਦਾਰ ਅਨਿਲ ਸ਼ਰਮਾ ਨੇ ਕਿਹਾ ਕਿ ਉਸ ਨੂੰ ਇੰਟਰਲਾਕ ਟਾਇਲਾਂ ਲਾਉਣ ਦਾ ਟੈਂਡਰ ਮਿਲਿਆ ਸੀ। ਉਸ ਨੇ ਕਿਹਾ ਕਿ ਉਹ ਆਪ ਇਸ ਕੰਮ ਤੋਂ ਬਹੁਤ ਪਰੇਸ਼ਾਨ ਹੈ। ਉਸ ਦੇ ਆਪਣੇ ਤੀਹ ਲੱਖ ਰੁਪਏ ਫਸੇ ਹੋਏ ਹਨ। ਨਿਗਮ ਵੱਲੋਂ ਉਸ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਉਸ ਦੇ ਕੋਲ ਨਿਗਮ ਵੱਲੋਂ ਜਾਰੀ ਕੀਤਾ ਗਿਆ ਟੈਂਡਰ ਮੌਜੂਦ ਹੈ ਜਿਸ ਦੇ ਆਧਾਰ 'ਤੇ ਹੀ ਉਸ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ 'ਚ ਇੰਟਰਲਾਕ ਟਾਇਲਾਂ ਲਾਈਆਂ ਸਨ। ਜਲੌਖਾਨਾ ਚੌਕ ਨੂੰ ਪੱਧਰਾ ਕਰਨ 'ਚ ਹੀ ਉਸ ਨੂੰ ਕਈ ਦਿਨ ਲੱਗ ਗਏ। ਉਸ ਤੋਂ ਬਾਅਦ ਕੰਮ ਸ਼ੁਰੂ ਹੋਇਆ। ਕੰਮ ਅਜੇ 80 ਫ਼ੀਸਦੀ ਹੀ ਹੋਇਆ ਸੀ ਕਿ ਨਿਗਮ ਮੁਲਾਜ਼ਮਾਂ ਨੇ ਆ ਕੇ ਟਾਇਲਾਂ ਪੁੱਟ ਦਿੱਤੀਆਂ। ਅਜੇ ਤਕ ਉਸ ਨੂੰ ਇਕ ਵੀ ਪੈਸੇ ਦੀ ਅਦਾਇਗੀ ਨਹੀਂ ਕੀਤੀ ਗਈ। ਉਹ ਸੀਸੀ ਫਲੌਰਿੰਗ ਕਰਨ ਨੂੰ ਵੀ ਤਿਆਰ ਹੈ ਪਰ ਨਿਗਮ ਅਧਿਕਾਰੀ ਉਸ ਨੂੰ ਿੁਲਖਤੀ ਰੂਪ 'ਚ ਦੇਣ।

--ਈਓ ਤੋਂ ਜਾਣਕਾਰੀ ਲੈ ਕੇ ਲੱਭਾਂਗੇ ਹੱਲ : ਰਾਹੁਲ ਚਾਬਾ

ਇਸ ਮਾਮਲੇ 'ਚ ਨਿਗਮ ਕਮਿਸ਼ਨਰ ਦਾ ਵਧੀਕ ਭਾਰ ਸੰਭਾਲ ਰਹੇ ਏਡੀਸੀ ਰਾਹੁਲ ਚਾਬਾ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਚੌਕ ਦੀ ਹਾਲਤ ਖਰੀਬ ਹੈ ਇਹ ਇਕ ਗੰਭੀਰ ਮਾਮਲਾ ਹੈ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਕੰਮ ਨੂੰ ਤੈਅ ਸਮੇਂ 'ਚ ਮੁਕੰਮਲ ਕੀਤਾ ਜਾਵੇ ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਉਸ ਕੰਮ ਦੀ ਕੀਮਤ ਵੱਧ ਜਾਂਦੀ ਹੈ। ਉਹ ਕੱਲ੍ਹ ਹੀ ਇਸ ਮਾਮਲੇ 'ਚ ਈਓ ਨਾਲ ਗੱਲਬਾਤ ਕਰਨਗੇ ਤੇ ਇਸ ਸਮੱਸਿਆ ਦਾ ਹੱਲ ਲੱਭਣਗੇ।