ਹਰਮੇਸ਼ ਸਰੋਆ, ਫਗਵਾੜਾ : ਨਜ਼ਦੀਕੀ ਪਿੰਡ ਮਲਕਪੁਰ ਵਿਚ ਫ਼ੌਜ ਵੱਲੋਂ ਅਭਿਆਸ ਕੈਂਪ ਲਾਇਆ ਗਿਆ। ਇਸ ਵਿਚ ਕਿਸਾਨਾਂ ਦੇ 45 ਖੇਤਾਂ ਦੀ ਪਨੀਰੀ ਤੇ ਹੋਰ ਨੁਕਸਾਨ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਿੰਡ ਮਲਕਪੁਰ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਫ਼ੌਜੀਆਂ ਨੇ ਅਭਿਆਸ ਕੈਂਪ ਲਾਇਆ ਹੈ। ਅਭਿਆਸ ਦੌਰਾਨ ਫ਼ੌਜੀਆਂ ਨੇ ਰਾਤ ਸਮੇਂ ਖੇਤਾਂ ਵਿੱਚੋਂ ਟੈਂਕ ਲੰਘਾ ਦਿੱਤੇ, ਜਿਸ ਕਾਰਨ ਕਿਸਾਨ ਦਿਲਬਾਗ ਸਿੰਘ ਦੇ 45 ਖੇਤਾਂ ਦੀ ਪਨੀਰੀ ਬਰਬਾਦ ਹੋ ਗਈ।

ਉਨ੍ਹਾਂ ਦੱਸਿਆ ਕਿ ਐੱਸਡੀਐੱਮ, ਤਹਿਸੀਲਦਾਰ ਫਗਵਾੜਾ ਤੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਹੈ। ਮੌਕੇ 'ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਪੁੱਜੇ। ਉਨ੍ਹਾਂ ਕਿਹਾ ਕਿ ਫ਼ੌਜੀ ਅਭਿਆਸ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਜੋ ਕਿਸਾਨਾਂ ਦੀਆਂ ਫ਼ਸਲਾਂ ਦੀ ਬਰਬਾਦੀ ਹੋਈ ਹੈ, ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸਾਨ ਦਿਲਬਾਗ ਸਿੰਘ ਨੇ 10 ਦਿਨ ਪਹਿਲਾਂ 45 ਖੇਤਾਂ ਵਿਚ ਝੋਨੇ ਦੀ ਪਨੀਰੀ ਲਾਈ ਸੀ ਜੋ ਕਿ ਸਾਰੀ ਟੈਂਕ ਲੰਘਾਉਣ ਪਿੱਛੋਂ ਬਰਬਾਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਨਾਲ ਗੱਲਬਾਤ ਕਰ ਕੇ ਕੋਈ ਹੱਲ ਕੱਢਿਆ ਜਾਵੇਗਾ।