ਪੱਤਰ ਪ੍ਰਰੇਰਕ, ਸੁਲਤਾਨਪੁਰ ਲੋਧੀ : ਕੋਰੋਨਾ ਨੇ ਹੌਲੀ-ਹੌਲੀ ਪਾਵਨ ਨਗਰੀ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਵਿਧਾਇਕ ਨਵਤੇਜ ਸਿੰਘ ਚੀਮਾ ਦੇ ਦਫਤਰ ਦੇ ਪੀਏ ਜਰਮਨ ਸਿੰਘ ਦਾ ਪੂਰਾ ਪਰਿਵਾਰ ਹੀ ਕੋਰੋਨਾ ਦੀ ਚਪੇਟ 'ਚ ਆਉਣ 'ਤੇ ਹਲਕਾ ਸੁਲਤਾਨਪੁਰ ਲੋਧੀ 'ਚ ਹੜਕੰਪ ਮੱਚ ਗਿਆ। ਜਰਮਨ ਅਤੇ ਉਸਦਾ ਭਰਾ, ਮਾਤਾ, ਪਿਤਾ ਇਸ ਸਮੇਂ ਕੋਰੋਨਾ ਕਾਰਨ ਨਾਜ਼ੁਕ ਦੌਰ 'ਚੋਂ ਗੁਜ਼ਰ ਰਹੇ ਹਨ। ਜਿਸ ਕਾਰਨ ਸਮੂਹ ਕਾਂਗਰਸੀ ਆਗੂਆਂ ਨੇ ਵਾਹਿਗੁਰੂ ਅੱਗੇ ਸਮੁੱਚੇ ਪਰਿਵਾਰ ਤੇ ਹੋਰ ਕੋਰੋਨਾ ਪੀੜਤਾਂ ਲਈ ਅਰਦਾਸ ਕੀਤੀ। ਇਸ ਤੋਂ ਪਹਿਲਾਂ ਸ਼ਹਿਰ ਦੇ ਅੰਦਰੂਨੀ ਹਿੱਸੇ ਜੈਨੀਆਂ ਮੁਹੱਲਾ 'ਚ ਇੱਕ ਪੜ੍ਹੇ ਲਿਖੇ ਪਰਿਵਾਰ ਦੇ ਵੀ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਮਹੱਲਾਂ ਤੇ ਸ਼ਹਿਰ ਵਾਸੀ ਇਸ ਸਮੇਂ ਕੋਰੋਨਾ ਦੇ ਖੌਫ ਹੇਠ ਆਪਣਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਇਸ ਸਬੰਧੀ ਐੱਸਐੱਮਓ ਸੁਲਤਾਨਪੁਰ ਲੋਧੀ ਡਾ. ਰਵਿੰਦਰ ਸ਼ੁਭ ਨੇ ਦੱਸਿਆ ਕਿ ਇਸ ਸਮੇਂ ਹਲਕਾ ਸੁਲਤਾਨਪੁਰ ਲੋਧੀ 'ਚ ਕਰੀਬ 18 ਕੇਸ ਪਾਜ਼ੇਟਿਵ ਹਨ, ਜਿਨ੍ਹਾਂ 'ਚੋਂ ਕੁਝ ਨੂੰ ਤਾਂ ਘਰਾਂ 'ਚ ਕੁਆਰੰਟਾਈਨ ਕੀਤਾ ਹੋਇਆ ਅਤੇ ਸੀਰੀਅਸ ਮਰੀਜ਼ਾਂ ਨੂੰ ਕਪੂਰਥਲਾ ਵਿਖੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ 'ਚ ਰੋਜ਼ਾਨਾ ਕੋਵਿਡ ਦੀ ਟੈਸਟਿੰਗ ਹੋ ਰਹੀ ਹੈ ਤੇ ਵੈਕਸੀਨ ਵੀ ਸੁਰੂ ਹੋ ਚੁੱਕੀ ਹੈ। ਡਾ. ਸ਼ੁਭ ਨੇ ਕਿਹਾ ਕਿ ਜੇ ਲੋਕ ਹਾਲੇ ਵੀ ਨਾ ਸੰਭਲੇ ਤਾਂ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਬਗੈਰ ਮਤਲਬ ਦੇ ਘਰਾਂ ਚੋਂ ਬਾਹਰ ਨਾ ਨਿਕਲਣ, ਮਾਸਕ ਪਹਿਨਣ, ਹੱਥਾਂ ਨੂੰ ਵਾਰ ਵਾਰ ਧੋਣ, ਸੈਨੇਟਾਈਜ਼ਰ ਦਾ ਪ੍ਰਯੋਗ ਕਰਨ ਦੀ ਵੀ ਨਸੀਹਤ ਦਿੱਤੀ ।

ਵਿਧਾਇਕ ਚੀਮਾ ਤੇ ਪੂਰੇ ਸਟਾਫ ਨੇ ਕੀਤਾ ਇਕਾਂਤਵਾਸ

ਵਿਧਾਇਕ ਚੀਮਾ ਵੱਲੋਂ ਦਫਤਰ ਦੇ ਪੀਏ ਜਰਮਨ ਸਿੰਘ ਤੇ ਪਰਿਵਾਰ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਤੇ ਪੀਏ ਰਵਿੰਦਰ ਰਵੀ, ਬਲਜਿੰਦਰ ਸਿੰਘ ਪੀਏ ਨੇ ਵੀ ਡਾ. ਸ਼ੁਭ ਵੱਲੋਂ ਦਿੱਤੀ ਸਲਾਹ 'ਤੇ ਇਕਾਂਤਵਾਸ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਸਾਰੇ ਜਨਤਕ ਪ੍ਰਰੋਗਰਾਮ ਰੱਦ ਕਰਕੇ ਦਫਤਰ ਵਿਖੇ ਮੁਲਾਕਾਤਾਂ ਕੁਝ ਸਮੇਂ ਲਈ ਬੰਦ ਕਰ ਦਿੱਤੀਆਂ ਹਨ। ਵਿਧਾਇਕ ਚੀਮਾ ਨੇ ਕਿਹਾ ਕਿ ਪੰਜਾਬ ਸਮੇਤ ਪੂਰਾ ਦੇਸ਼ ਇਸ ਸਮੇਂ ਕੋਰੋਨਾ ਮਹਾਮਾਰੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪਰ ਲੋਕ ਇਸ ਨੂੰ ਸੀਰੀਅਸ ਨਹੀਂ ਲੈ ਰਹੇ। ਵਿਧਾਇਕ ਚੀਮਾ ਨੇ ਹਲਕਾ ਵਾਸੀਆਂ ਨੂੰ ਵੈਕਸੀਨ ਲਗਾਉਣ ਤੇ ਸਰਕਾਰ ਵੱਲੋਂ ਜਾਰੀ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।