ਦੀਪਕ, ਕਪੂਰਥਲਾ : ਕੇਂਦਰ ਸਰਕਾਰ ਦੀ ਜੀਐੱਸਟੀ ਦੀ ਦਰ ਵਧਾਉਣ ਦੀ ਤਜਵੀਜ ਵਪਾਰੀਆਂ ਤੇ ਆਮ ਲੋਕਾਂ ਨਾਲ ਸਰਾਸਰ ਧੱਕਾ ਹੋਵੇਗਾ। ਪਹਿਲਾਂ ਤੋਂ ਹੀ ਮੰਦੀ ਦੀ ਮਾਰ ਝੱਲ ਰਹੇ ਵਪਾਰੀਆਂ ਨੂੰ ਤਾਂ ਤੰਗ ਹੋਣਾ ਹੀ ਪਵੇਗਾ, ਇਸਦੇ ਨਾਲ ਹੀ ਮਹਿੰਗਾਈ ਦੀ ਦਰ ਵੀ ਵਧੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਪਾਰ ਮੰਡਲ ਕਪੂਰਥਲਾ ਦੇ ਸੀਨੀਅਰ ਉਪਪ੍ਰਧਾਨ ਵਿਕਰਮ ਅਰੋੜਾ ਨੇ ਇੱਕ ਪ੍ਰਰੈਸ ਨੋਟ ਰਾਹੀਂ ਕੀਤਾ। ਵਿਕਰਮ ਅਰੋੜਾ ਨੇ ਕਿਹਾ ਕਿ ਜੀਐੱਸਟੀ ਦੀ ਉਗਰਾਹੀ ਵਿਚ ਵਾਧਾ ਕਰਨ ਦੇ ਮੱਦੇਨਜਰ ਕੇਂਦਰ ਸਰਕਾਰ ਇਸ ਦੀਆਂ ਦਰਾਂ ਵਿਚ ਵਾਧਾ ਕਰਨ ਦੀ ਸੋਚ ਰਹੀ ਹੈ। ਇਸ ਵਾਧੇ ਨਾਲ ਮੰਦੀ ਦੀ ਮਾਰ ਝੇਲ ਰਹੇ ਵਪਾਰੀ ਵਰਗ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਮਹਿੰਗਾਈ ਵੀ ਕਾਫੀ ਵੱਧ ਜਾਵੇਗੀ। ਜਿਸਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੰਦੀ ਦੂਰ ਕਰਨ ਵੱਲ ਕਦਮ ਵਧਾਉਣੇ ਚਾਹੀਦੇ ਹਨ। ਅੱਜ ਦੇਸ਼ ਦਾ ਨੌਜਵਾਨ 12ਵੀਂ ਜਮਾਤ ਕਰਨ ਤੋਂ ਬਾਅਦ ਵਿਦੇਸ਼ਾਂ ਦਾ ਰੁੱਖ ਕਰ ਰਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਵੀ ਖੁਸ਼ਹਾਲ ਜਿੰਦਗੀ ਦੇਖਦੇ ਹੋਏ ਉੱਥੇ ਹੀ ਸ਼ਿਫਟ ਹੋ ਰਹੇ ਹਨ, ਜਿਸਦਾ ਸਿੱਧਾ ਅਸਰ ਵਪਾਰ 'ਤੇ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਵਿਚ ਰੋਜਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇ, ਜਿਸਦੇ ਨਾਲ ਲੋਕਾਂ ਦੇ ਵਿਦੇਸ਼ਾਂ ਦੇ ਰੁੱਖ ਨੂੰ ਠੱਲ ਪੈ ਸਕੇ। ਇਸ ਦੇ ਨਾਲ ਮੰਦੀ ਦੇ ਮਾਹੌਲ ਤੋਂ ਵੀ ਮੁਕਤੀ ਮਿਲੇਗੀ।