ਸਰਬੱਤ ਸਿੰਘ ਕੰਗ, ਬੇਗੋਵਾਲ : ਪੰਜਾਬ ਸਰਕਾਰ ਵਲੋਂ ਪੰਚਾਇਤ ਵਿਭਾਗ ਦੀਆਂ ਜ਼ਮੀਨਾਂ ’ਤੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਮੁਹਿੰਮ ਨੂੰ ਉਸ ਸਮੇਂ ਸਖ਼ਤ ਧੱਕਾ ਲੱਗਾ ਜਦੋਂ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਦੂਜੇ ਪੜਾਅ ਤੇ ਨਾਜਾਇਜ਼ ਕਬਜ਼ਾ ਛੁਡਾਉਣ ਸਮੇਂ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਪ੍ਰਸ਼ਾਸਨ ਆਹਮੋ ਸਾਹਮਣੇ ਆ ਗਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਕਬਜ਼ਾ ਸਥਾਨ 'ਤੇ ਹੀ ਧਰਨਾ ਲਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਆਰੰਭ ਕਰ ਦਿੱਤੀ। ਇਸ ਮੌਕੇ ਭਾਵੇਂ ਜ਼ਿਲ੍ਹਾ ਜਾਂ ਬਲਾਕ ਪੱਧਰ ਤੋਂ ਕੋਈ ਪੰਚਾਇਤ ਵਿਭਾਗ ਦਾ ਕੋਈ ਅਧਿਕਾਰੀ ਨਹੀਂ ਸੀ ਆਇਆ। ਮਾਲ ਵਿਭਾਗ ਦੇ ਕਾਨੂੰਗੋ ਗੁਰਦੀਪ ਸਿੰਘ, ਪਟਵਾਰੀ ਰਣਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਐੱਸਐੱਚਓ ਬੇਗੋਵਾਲ ਰਣਜੋਧ ਸਿੰਘ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ।

ਕਾਬਿਲੇ ਗੌਰ ਹੈ ਕਿ ਬੀਤੀ 18 ਮਈ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਸਪੀ ਆਂਗਰਾ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਸੰਧੂ ਦੀ ਹਾਜ਼ਰੀ ਵਿਚ ਵਿਭਾਗ ਵਲੋਂ 23 ਏਕੜ ਕਬਜ਼ਾ ਲਿਆ ਗਿਆ ਸੀ। ਅੱਜ ਦੂਜੇ ਪੜਾਅ ਤੇ ਕਰੀਬ 10 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਇਆ ਜਾਣਾ ਸੀ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨਾ ਲਾ ਦੇਣ ਦੇ ਬਾਅਦ ਖਟਾਈ ਵਿਚ ਪੈ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਕੁਲਦੀਪ ਸਿੰਘ ਬੇਗੋਵਾਲ, ਬਲਾਕ ਪ੍ਰਧਾਨ ਨਿਸ਼ਾਨ ਸਿੰਘ, ਵਾਈਸ ਪ੍ਰਧਾਨ ਨਿਰਮਲ ਸਿੰਘ, ਜ਼ਿਲ੍ਹਾ ਸਕੱਤਰ ਜਗਮੋਹਣ ਸਿੰਘ ਚੀਮਾਂ ਕੂਕਾ ਸਰਕਲ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਬੱਲ ਨੇ ਆਖਿਆ ਕਿ ਨਾਜਾਇਜ਼ ਕਬਜ਼ਿਆਂ ਦੀ ਆਨ ਵਿਚ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਬਿਆਨ ਦਿੰਦਾ, ਉਸਦਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੁਝ ਬਿਆਨ ਦਿੰਦਾ, ਤੇ ਇਹਨਾਂ ਦਾ ਪ੍ਰਸ਼ਾਸਨ ਇਹਨਾਂ ਦੇ ਸਭ ਉਲਟ ਕਰਦਾ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ ਕਿਸੇ ਕਿਸਾਨ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਸਬੰਧੀ ਪਿੰਡ ਮਕਸੂਦਪੁਰ ਦੇ ਸਰਪੰਚ ਬਾਬਾ ਹਰਜੀਤ ਗਿਰੀ ਨੇ ਆਖਿਆ ਕਿ ਉਹ ਸਾਰੇ ਕਿਸਾਨਾਂ ਦਾ ਸਤਿਕਾਰ ਕਰਦੇ ਹਨ, ਕਿਸੇ ਕਿਸਾਨ ਨਾਲ, ਧੱਕਾ ਨਹੀਂ ਕੀਤਾ ਜਾ ਰਿਹਾ। ਯੂਨੀਅਨ ਵਾਲੇ ਵੀਰਾਂ ਨੂੰ ਜਾਣਕਾਰੀ ਦੀ ਘਾਟ ਹੈ। ਉਹ ਬਤੌਰ ਸਰਪੰਚ 2007 ਤੋਂ ਨਾਜਾਇਜ਼ ਕਾਬਜ਼ਕਾਰਾਂ ਨਾਲ ਜੂਝ ਰਹੇ ਹਨ। ਇੱਕ ਪਿੰਡ ਦਾ ਨੰਬਰਦਾਰ 10 ਏਕੜ ਨੱਪੀ ਬੈਠਾ, ਇੱਕ ਕਿਸੇ ਕੋਲ ਕਨਾਲ ਵੀ ਨਹੀਂ ? ਅੱਜ ਬੜੇ ਦੁੱਖ ਦੀ ਗੱਲ ਹੈ ਕਿ ਕਬਜ਼ਾ ਲੈਣ ਲਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਬਹੁੜਿਆ, ਪੰਚਾਇਤ ਨੂੰ ਕਬਜ਼ਾ ਲੈਣ ਲਈ ਝੋਕ ਦਿੱਤਾ ਗਿਆ। ਅਜਿਹਾ ਕਰਕੇ ਪੰਚਾਇਤ ਮੰਤਰੀ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪੰਚਾਇਤ ਦੇ ਬੇਇਜ਼ਤੀ ਕਰਵਾਈ ਹੈ। ਉਹ ਇਸ ਗੱਲ ਲਈ ਮੰਤਰੀ ਦਾ ਵਿਰੋਧ ਕਰਦੇ ਹਨ, ਜਲਦੀ ਸਾਰੀ ਪੰਚਾਇਤ ਬੀਡੀਪੀਓ ਦਫ਼ਤਰ ਨਡਾਲਾ ਜਾ ਕੇ ਧਰਨਾ ਦੇਵੇਗੀ। ਉਹਨਾਂ ਦੱਸਿਆ ਕਿ ਪੰਚਾਇਤ ਵੱਲੋਂ ਪਹਿਲਾਂ ਛੁਡਾਏ ਕਬਜ਼ਿਆਂ ਦੀ ਦਖਲ ਲੈ ਲਏ ਹਨ। ਅੱਜ ਦੀ ਕਾਰਵਾਈ ਦੌਰਾਨ 5 ਦਖਲ ਲੈਣੇ ਸਨ। ਇਹਨਾਂ ਦੀ ਬਕਾਇਦਾ ਬੋਲੀ ਕਰਵਾਈ ਗਈ ਹੈ। ਬੋਲੀਕਾਰਾਂ ਨੇ ਪੈਸੇ ਵੀ ਜਮਾਂ ਕਰਵਾ ਦਿੱਤੇ ਹਨ। ਪ੍ਰੰਤੂ ਪ੍ਰਸਾਸ਼ਨ ਦੀ ਨਲਾਇਕੀ ਨਾਲ ਇਹ ਸੰਭਵ ਨਹੀਂ ਹੋਇਆ। ਇਸ ਮੌਕੇ ਪੰਚ ਜਗਪੀ੍ਤ ਸਿੰਘ ਰਾਜੂ, ਪੰਚ ਨਰਿੰਦਰ ਜੀਤ ਕੌਰ, ਸਤਨਾਮ ਸਿੰਘ, ਦਲੀਪ ਸਿੰਘ ਮੰਗਤ ਸਿੰਘ ਤੇ ਪੰਚ ਪਰਮਜੀਤ ਕੌਰ ਹਾਜ਼ਰ ਸਨ।

Posted By: Jagjit Singh