ਜੇਐੱਨਐੱਨ, ਕਪੂਰਥਲਾ : ਥਾਣਾ ਫੱਤੂਢੀਂਗਾ 'ਚ ਪੈਂਦੇ ਪਿੰਡ ਨਾਨਕਪੁਰ ਦੇ ਆਪਣੇ ਰਿਸ਼ਤੇਦਾਰ ਦੇ 28 ਲੱਖ ਰੁਪਏ ਆਪਣੇ ਬੈਂਕ ਖਾਤੇ 'ਚ ਟਰਾਂਸਫਰ ਕਰਨ ਦੇ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਨਾਮਜ਼ਦ ਵਿਅਕਤੀ ਆਪਸ 'ਚ ਪਿਤਾ-ਪੁੱਤਰ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨਾਨਕਪੁਰ ਨੇ ਜ਼ਿਲ੍ਹਾ ਪੁਲਿਸ ਨੰੂ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਿੰਡ ਨਾਨਕਪੁਰ 'ਚ ਜੀਐੱਨ ਮਿਲਕ ਚਿਲਿੰਗ ਸੈਂਟਰ ਦੇ ਨਾਂ ਤੋਂ ਦੁੱਧ ਦਾ ਕਾਰੋਬਾਰ ਹੈ। ਉਸ ਦਾ ਨਜ਼ਦੀਕੀ ਰਿਸ਼ਤੇਦਾਰ ਸਰੂਪ ਸਿੰਘ ਪੁੱਤਰ ਚੰਨ ਸਿੰਘ ਵਾਸੀ ਪਿੰਡ ਬੂਹ ਤੇ ਉਸ ਦਾ ਲੜਕਾ ਨਰਵਿੰਦਰ ਸਿੰਘ ਕਮਿਸ਼ਨ ਦੇ ਆਧਾਰ 'ਤੇ ਕੰਮ ਕਰਦੇ ਹਨ ਤੇ ਬੈਂਕਾਂ ਦਾ ਸਾਰਾ ਕੰਮ ਕਰਨ ਦੇ ਨਾਲ-ਨਾਲ ਵਿੱਤੀ ਲੈਣ-ਦੇਣ ਦਾ ਕੰਮ ਵੀ ਨਰਵਿੰਦਰ ਸਿੰਘ ਪੁੱਤਰ ਸਰੂਪ ਸਿੰਘ ਕਰਦਾ ਸੀ। ਉਸ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ, ਕਪੂਰਥਲਾ 'ਚ ਹੈ, ਜਿਸ ਨੂੰ ਲੈ ਕੇ ਉਸ ਨੇ ਆਪਣੇ ਰਿਸ਼ਤੇਦਾਰ ਨਰਵਿੰਦਰ ਸਿੰਘ ਨੂੰ ਚੈੱਕਾਂ 'ਤੇ ਦਸਤਖ਼ਤ ਕਰ ਦਿੱਤੇ ਸਨ ਤੇ ਉਹ ਲੋਕਾਂ ਤੋਂ ਖਰੀਦੇ ਗਏ ਦੁੱਧ ਦੇ ਆਧਾਰ 'ਤੇ ਵੱਖ-ਵੱਖ ਖਾਤਿਆਂ 'ਚ ਪੇਮੈਂਟ ਜਮ੍ਹਾਂ ਕਰਵਾਉਂਦਾ ਸੀ। ਇਸੇ ਦੌਰਾਨ ਉਸ ਨੇ ਉਕਤ ਦੋਵੇਂ ਪਿਓ-ਪੁੱਤ ਨੂੰ ਫਰਵਰੀ 2018 ਤਕ ਲਗਪਗ 10 ਲੱਖ ਰੁਪਏ ਦੁੱਧ ਖਰੀਦਣ ਲਈ ਐਡਵਾਂਸ ਦਿੱਤੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਖਾਤੇ 'ਚੋਂ ਤਿੰਨ ਮਾਰਚ, 2018 ਨੂੰ 6.10 ਲੱਖ, 13 ਮਾਰਚ 2018 ਨੂੰ 5.90 ਲੱਖ ਤੇ 23 ਮਾਰਚ 2018 ਨੂੰ 6.10 ਲੱਖ ਰੁਪਏ ਕੱਢਵਾ ਲਏ।

ਇਸ ਦੌਰਾਨ ਨਰਵਿੰਦਰ ਸਿੰਘ ਨੇ ਆਪਣੇ ਪਿਤਾ ਸਰੂਪ ਸਿੰਘ ਦੇ ਨਾਂ 'ਤੇ ਉਕਤ ਰਕਮ ਟਰਾਂਸਫਰ ਕਰ ਦਿੱਤੀ ਜਿਸ ਤੋਂ ਬਾਅਦ ਸਰੂਪ ਸਿੰਘ ਦੇ ਨਾਂ ਕਪੂਰਥਲਾ 'ਚ ਇਕ ਬੈਂਕ ਖਾਤਾ ਖੋਲਿਆ ਗਿਆ। ਬਾਅਦ 'ਚ ਨਰਵਿੰਦਰ ਸਿੰਘ ਦੇ ਨਾਂ ਰਕਮ ਕੱਢ ਕੇ ਵੱਖ-ਵੱਖ ਨਾਵਾਂ ਦੇ ਖਾਤੇ ਖੋਲ੍ਹੇ ਗਏ। ਆਪਣੇ ਨਾਲ ਹੋਏ ਕੁਲ 28 ਲੱਖ ਦੇ ਧੋਖੇ ਨੂੰ ਲੈ ਕੇ ਜਦੋਂ ਪੀੜਤ ਨੇ ਦੋਵਾਂ ਪਿਓ-ਪੁੱਤ ਤੋਂ ਆਪਣੀ 28 ਲੱਖ ਰੁਪਏ ਦੀ ਰਕਮ ਮੰਗੀ ਤਾਂ ਉਹ ਉਸ ਨੂੰ ਜਲਦ ਵਾਪਸ ਕਰਨ ਦਾ ਭਰੋਸਾ ਦੇਣ ਲੱਗੇ ਪਰ ਬਾਅਦ 'ਚ ਧਮਕੀਆਂ ਦੇਣ ਲੱਗੇ। ਇਸ ਤੋਂ ਬਾਅਦ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਐੱਸਐੱਚਓ ਫੱਤੂਢੀਂਗਾ ਜਸਪਾਲ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਨਰਵਿੰਦਰ ਸਿੰਘ ਤੇ ਸਰੂਪ ਸਿੰਘ 'ਤੇ ਲਾਏ ਗਏ ਸਾਰੇ ਦੋਸ਼ ਸਹੀ ਪਾਏ। ਫਿਲਹਾਲ ਨਰਵਿੰਦਰ ਸਿੰਘ ਤੇ ਸਰੂਪ ਸਿੰਘ ਫ਼ਰਾਰ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।