ਅਮਰੀਕ ਮੱਲ੍ਹੀ\ਅਜੈ ਕਨੌਜੀਆ, ਕਪੂਰਥਲਾ

ਪੰਜਾਬ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਇਸ ਸਾਲ ਦੇ ਅੰਤ ਤਕ ਸ਼ਹਿਰੀ ਖੇਤਰਾਂ ਅੰਦਰ ਪੀਣ ਵਾਲੇ ਪਾਣੀ, ਸੀਵਰੇਜ, ਸਟਰੀਟ ਲਾਈਟਾਂ, ਪੱਕੀਆਂ ਗਲੀਆਂ ਤੇ ਸੜਕਾਂ ਦੇ ਨਿਰਮਾਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਤਕਨੀਕੀ ਸਿੱਖਿਆ, ਬਾਗਬਾਨੀ, ਭੂਮੀ ਰੱਖਿਆ ਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਸਥਾਨਕ ਸਬਜ਼ੀ ਮੰਡੀ ਵਿਖੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ ਸਮੇਤ ਨਵੀਂ ਚਾਰ ਦੀਵਾਰੀ ਤੇ ਸੜਕਾਂ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਅੰਦਰ ਸਾਰੀਆਂ ਸੜਕਾਂ ਦੇ ਨਵੀਨੀਕਰਨ ਤੇ ਚਾਰ ਦੀਵਾਰੀ ਉੱਪਰ 1 ਕਰੋੜ 18 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਕਿਸਾਨਾਂ, ਆੜ੍ਹਤੀਆਂ ਤੇ ਵਪਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਖਰਬੂਜ਼ੇ ਲਈ ਏਸ਼ੀਆ ਭਰ 'ਚ ਪ੍ਰਸਿੱਧ ਕਪੂਰਥਲਾ ਮੰਡੀ ਦੇ ਵਿਕਾਸ ਲਈ ਭਵਿੱਖ ਵਿਚ ਵੀ ਜੋ ਪ੍ਰਰਾਜੈਕਟ ਹੋਵੇਗਾ ਉਸ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਅੌਜਲਾ, ਵਾਈਸ ਚੇਅਰਮੈਨ ਰਾਜਿੰਦਰ ਕੌੜਾ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ, ਐਕਸੀਅਨ ਰਮਨ ਕੁਮਾਰ, ਕੌਂਸਲਰ ਨਰਿੰਦਰ ਮਨਸੂ, ਸਕੱਤਰ ਮਾਰਕੀਟ ਕਮੇਟੀ ਕਪੂਰਥਲਾ ਸੰਜੀਵ ਕੁਮਾਰ, ਮੰਡੀ ਸੁਪਰਵਾਈਜ਼ਰ ਪਿ੍ਰਥੀਪਾਲ ਸਿੰਘ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਤੇ ਹੋਰ ਹਾਜ਼ਰ ਸਨ।