ਹਰਮੇਸ਼ ਸਰੋਆ, ਫਗਵਾੜਾ : ਫਗਵਾੜਾ ਦੇ ਥਾਣਾ ਸਤਨਾਮਪੁਰਾ ਅਧੀਨ ਆਉਂਦੇ ਮੁਹੱਲਾ ਮਨਸਾ ਦੇਵੀ ਨਗਰ 'ਚ ਚੋਰਾਂ ਵੱਲੋਂ ਦਿਨ ਦਿਹਾੜੇ ਇਕ ਘਰ ਦੇ ਤਾਲੇ ਤੋੜ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੋਹਣ ਲਾਲ ਵਾਸੀ ਗਲੀ ਨੰਬਰ 21 ਮੁਹੱਲਾ ਮਨਸਾ ਦੇਵੀ ਨਗਰ ਨੇ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿਚ ਮੌਤ ਹੋ ਗਈ ਸੀ ਅਤੇ ਸਵੇਰੇ ਕਰੀਬ 10 ਵਜੇ ਤੋਂ ਬਾਅਦ ਉਹ ਪਰਿਵਾਰ ਸਮੇਤ ਉਥੇ ਗਏ ਹੋਏ ਸਨ। ਜਦੋਂ ਸ਼ਾਮ ਨੂੰ ਵਾਪਸ ਆਏ ਤਾਂ ਮੇਨ ਗੇਟ ਦਾ ਤਾਲਾ ਲੱਗਿਆ ਹੋਇਆ ਸੀ ਅਤੇ ਅੰਦਰ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਉਨ੍ਹਾਂ ਅੰਦਰ ਦੇਖਿਆ ਤਾਂ ਘਰ 'ਚ ਪਏ ਕਰੀਬ ਤਿੰਨ ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਮੌਕੇ 'ਤੇ ਪਹੁੰਚੇ ਥਾਣਾ ਸਤਨਾਮਪੁਰਾ ਦੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਆਸ ਪਾਸ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਚੋਰਾਂ ਦੀ ਭਾਲ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।