ਸਰਬੱਤ ਸਿੰਘ ਕੰਗ, ਬੇਗੋਵਾਲ : ਦੇਸ਼ ਭਰ 'ਚ ਕੋਰੋਨਾ ਮਹਾਮਾਰੀ ਦੀ ਮਾਰ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਅੱਜ ਨਡਾਲਾ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਸਮੇਤ ਇਕ ਹੋਰ ਮੁਲਾਜਮ ਦੇ ਕੋਰੋਨਾ ਮਹਾਮਾਰੀ ਦੀ ਲਪੇਟ 'ਚ ਆ ਜਾਣ ਦੇ ਬਾਅਦ ਬੈਂਕ ਮੁਲਾਜ਼ਮਾਂ 'ਚ ਹੱਥਾਂ-ਪੈਰਾਂ ਦੀ ਪੈ ਗਈ। ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਤਾਂ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਕਰੀਬ ਇਕ ਹਫਤੇ ਤੋਂ ਆਪਣੇ ਘਰ ਇਕਾਂਤਵਾਸ 'ਤੇ ਹਨ ਪਰ ਅੱਜ ਇਕ ਹੋਰ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਮੁਲਾਜ਼ਮਾਂ 'ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਮਗਰੋਂ ਉਪਰਲੇ ਅਧਿਕਾਰੀਆਂ ਦੇ ਹੁਕਮਾਂ 'ਤੇ ਬੈਂਕ ਨੂੰ ਹਾਲ ਦੀ ਘੜੀ ਬੰਦ ਤਾਂ ਨਹੀਂ ਕੀਤਾ ਗਿਆ। ਬੈਂਕ ਨੂੰ ਤੁਰੰਤ ਸੈਨੇਟਾਈਜ਼ ਕੀਤਾ ਗਿਆ ਅਤੇ ਸਬੰਧਤ ਮੁਲਾਜ਼ਮ ਨੂੰ ਇਕਾਂਤਵਾਸ 'ਤੇ ਭੇਜ ਦਿੱਤਾ ਗਿਆ। ਇਸ ਸਬੰਧੀ ਬਲਾਕ ਸਿਹਤ ਸੁਪਵਾਈਜ਼ਰ ਡਾ. ਜਸਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ।