ਯਤਿਨ ਸ਼ਰਮਾ, ਫਗਵਾੜਾ : ਜਿਮਨੀ ਚੋਣਾਂ 2019 ਵਿਚ ਹਲਕਾ ਫਗਵਾੜਾ ਤੋਂ ਵਿਧਾਇਕ ਬਣੇ ਬਲਵਿੰਦਰ ਸਿੰਘ ਧਾਲੀਵਾਲ ਨੇ ਸਥਾਨਕ ਰੈਸਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਫਗਵਾੜਾ ਸ਼ਹਿਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਫਗਵਾੜਾ ਦੇ ਵਿਕਾਸ ਸਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਜਿੱਥੇ ਝੋਨੇ ਦੀ ਲਿਫਟਿੰਗ ਬਾਰੇ ਜਾਣਕਾਰੀ ਲਈ ਉਥੇ ਹੀ ਪੀਡਬਲਿਊਡੀ ਵਿਭਾਗ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਚੱਲ ਰਹੇ ਵਿਕਾਸ ਸਬੰਧੀ ਅਤੇ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਕੰਮਾਂ ਬਾਰੇ ਪੁੱਛਗਿੱਛ ਕੀਤੀ। ਇਸਦੇ ਇਲਾਵਾ ਉਨ੍ਹਾਂ ਨੇ ਕਾਰਪੋਰੇਸ਼ਨ ਅਤੇ ਪਾਵਰਕਾਮ ਦੇ ਅਧਿਕਾਰੀਆਂ ਤੋਂ ਵੀ ਸਟਰੀਟ ਲਾਈਟਾਂ ਦੀ ਸਮੱਸਿਆ ਦਾ ਜਾਇਜ਼ਾ ਲਿਆ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਵਿਕਾਸ ਲਈ ਜ਼ਰੂਰੀ ਫੰਡ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਜਾਰੀ ਕਰਵਾਏ ਜਾਣਗੇ। ਉਨ੍ਹਾਂ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਵਿਸ਼ਵਾਸ ਦਿਵਾਇਆ ਕਿ ਜੋ ਵਾਅਦੇ ਜਿਮਨੀ ਚੋਣ ਦੇ ਸਮੇਂ ਉਨ੍ਹਾਂ ਅਤੇ ਕਾਂਗਰਸ ਦੇ ਮੰਤਰੀਆਂ ਅਤੇ ਮੁੱਖ ਮੰਤਰੀ ਨੇ ਫਗਵਾੜਾ ਵਾਸੀਆਂ ਨਾਲ ਕੀਤੇ ਹਨ, ਉਸ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਇਸ ਮੌਕੇ ਏਡੀਸੀ ਫਗਵਾੜਾ ਗੁਰਮੀਤ ਸਿੰਘ, ਕੌਂਸਲਰ ਜਤਿੰਦਰ ਵਰਮਾਨੀ, ਮਨੀਸ਼ ਪ੍ਰਭਾਕਰ, ਪਦਮਦੇਵ ਸੁਧੀਰ, ਦਰਸ਼ਨ ਲਾਲ ਧਰਮਸੋਤ, ਰਾਮਪਾਲ ਉੱਪਲ, ਬੰਟੀ ਵਾਲੀਆ, ਨਿਰੇਸ਼ ਭਾਰਦਵਾਜ, ਰਾਕੇਸ਼ ਚਾਵਲਾ, ਸਾਬਕਾ ਕੌਂਸਲਰ ਸੁਸ਼ੀਲ ਮੈਨੀ ਆਦਿ ਹਾਜ਼ਰ ਸਨ।