ਯਤਿਨ ਸ਼ਰਮਾ, ਫਗਵਾੜਾ : ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਆਪਣੇ ਗ੍ਰਹਿ ਵਿਖੇ ਹਲਕੇ ਦੇ ਸਰਪੰਚਾਂ, ਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਦਿਹਾਤੀ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲ੍ਹਾ ਕਪੂਰਥਲਾ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਜੋ ਕਿ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਵੀ ਹਨ ਵੀ ਮੌਜੂਦ ਸਨ। ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਹਾਜਰੀਨ ਦਾ ਜਿਮਨੀ ਚੋਣ ਵਿਚ ਭਾਰੀ ਵੋਟਾਂ ਨਾਲ ਉਨ੍ਹਾਂ ਨੂੰ ਜਿਤਾਉਣ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਪਿੰਡਾਂ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪੰਚਾਇਤਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਪਿੰਡ ਪੱਧਰ 'ਤੇ ਲੋੜੀਂਦੇ ਵਿਕਾਸ ਦੀ ਜਾਣਕਾਰੀ ਵੀ ਹਾਸਲ ਕੀਤੀ। ਧਾਲੀਵਾਲ ਨੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਵਿਕਾਸ ਸਬੰਧੀ ਕੰਮਾਂ ਦੇ ਪ੍ਰਪੋਜਲ ਤਿਆਰ ਕਰਕੇ ਦੇਣ ਤਾਂ ਜੋ ਲੋੜੀਂਦੀ ਗ੍ਰਾਂਟ ਦਾ ਪ੍ਰਬੰਧ ਹੋ ਸਕੇ। ਉਨ੍ਹਾਂ ਭਰੋਸਾ ਵੀ ਦਿੱਤਾ ਕਿ ਹਰ ਪਿੰਡ ਦਾ ਸਮੁੱਚਾ ਵਿਕਾਸ ਪਹਿਲ ਦੇ ਅਧਾਰ 'ਤੇ ਕਰਵਾਉਣਗੇ। ਇਸ ਮੌਕੇ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਮਨੀ ਵਿਚ ਪਿੰਡਾਂ ਅੰਦਰ ਰਿਕਾਰਡ 12 ਹਜਾਰ ਤੋਂ ਵੱਧ ਵੋਟਾਂ ਦੀ ਲੀਡ ਹਾਸਲ ਕੀਤੀ ਹੈ ਅਤੇ ਕੁਲ 91 ਵਿਚੋਂ 85 ਪਿੰਡਾਂ 'ਚ ਪਾਰਟੀ ਨੂੰ ਲੀਡ ਪ੍ਰਾਪਤ ਹੋਈ ਹੈ ਜਿਸ ਲਈ ਉਹ ਸਮੂਹ ਪੰਚਾਇਤਾਂ ਅਤੇ ਦਿਹਾਤੀ ਕਾਂਗਰਸ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੇ ਧੰਨਵਾਦੀ ਹਨ। ਇਸ ਮੌਕੇ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਜਿਲ੍ਹਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਵਰੁਣ ਚੱਕ ਹਕੀਮ, ਸਮੂਹ ਬਲਾਕ ਸੰਮਤੀ ਮੈਂਬਰ, ਵੱਖ ਵੱਖ ਪਿੰਡਾਂ ਦੇ ਨੰਬਰਦਾਰ, ਸਰਪੰਚ ਤੇ ਪੰਚ ਹਾਜ਼ਰ ਸਨ।