ਵਿਜੇ ਸੋਨੀ, ਫਗਵਾੜਾ : ਮੋਹਨ ਲਾਲ ਉੱਪਲ ਡੀਏਵੀ ਕਾਲਜ ਫਗਵਾੜਾ ਵਿਖੇ ਪਿ੍ਰੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਅਗਵਾਈ ਹੇਠ 10 ਦਸੰਬਰ ਨੂੰ 'ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ' ਮਨਾਇਆ ਗਿਆ। ਇਸ ਖ਼ਾਸ ਮੌਕੇ ਐੱਨਐੱਸਐੱਸ ਵਿਭਾਗ ਵਲੋਂ ਪਿੰਡ ਸਪਰੋੜ ਵਿਚ ਰੈਲੀ ਕੱਢੀ ਗਈ। ਜਿਸ ਵਿਚ ਵਿਦਿਆਰਥੀਆਂ ਨੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਸੁਚੇਤ ਕੀਤਾ। ਅਧਿਕਾਰ ਤੇ ਕਰਤੱਵ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ, ਇਨ੍ਹਾਂ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਮਨੁੱਖ ਨੂੰ ਆਪਣੇ ਜੀਵਨ ਦੇ ਅਧਿਕਾਰ ਆਪਣੇ ਜਨਮ ਦੇ ਨਾਲ ਹੀ ਮਿਲ ਜਾਂਦੇ ਹਨ। ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੁਆਰਾ 10 ਦਸੰਬਰ 1948 ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੇ ਦਿਨ ਦਾ ਐਲਾਨ ਕੀਤਾ ਗਿਆ। ਅੱਜ ਹਰ ਸਾਲ 10 ਦਸੰਬਰ ਨੂੰ ਦੁਨੀਆਂ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੇ ਦਿਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਮਨੁੱਖੀ ਅਧਿਕਾਰਾਂ ਨੂੰ ਅੰਤਰ-ਰਾਸ਼ਟਰੀ ਕਾਨੂੰਨ ਵਿਚ ਸ਼ਾਮਿਲ ਕੀਤਾ ਗਿਆ ਹੈ। ਮਨੁੱਖੀ ਅਧਿਕਾਰ ਹਰ ਵਿਅਕਤੀ ਲਈ ਸਮਾਨ ਹਨ। ਇਸ ਵਿੱਚ ਕਿਸੇ ਵੀ ਜਾਤ, ਰੰਗ, ਨਸਲ ਤੇ ਧਰਮ ਆਦਿ ਦੇ ਆਧਾਰ 'ਤੇ ਕੋਈ ਵੀ ਭੇਦ-ਭਾਵ ਨਹੀਂ ਕੀਤਾ ਜਾ ਸਕਦਾ। ਅੰਤਰ-ਰਾਸ਼ਟਰੀ ਕਾਨੂੰਨ ਹਰ ਵਿਅਕਤੀ ਨੂੰ ਉਸ ਦੇ ਮਨੁੱਖੀ ਅਧਿਕਾਰ ਦਿੰਦਾ ਹੈ। ਸਰਕਾਰਾਂ ਵੀ ਮਨੁੱਖ ਨੂੰ ਉਸਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਨਹੀਂ ਕਰ ਸਕਦੀਆਂ। ਅੱਜ ਅੰਤਰ-ਰਾਸ਼ਟਰੀ ਪੱਧਰ ਉੱਤੇ ਹਰ ਵਿਅਕਤੀ ਨੂੰ ਆਪਣਾ ਜੀਵਨ ਜੀਉਣ ਦਾ ਅਧਿਕਾਰ ਹੈ, ਉਹ ਆਪਣੀ ਮਰਜ਼ੀ ਅਨੁਸਾਰ ਸੁਰੱਖਿਆ ਲਈ ਕੁਝ ਵੀ ਕਰ ਸਕਦਾ ਹੈ। ਇੱਕ ਚੰਗੇ ਨਾਗਰਿਕ ਹੋਣ ਦੇ ਲਈ ਆਪਣੀ ਮਨ-ਚਾਹੀ ਵਿੱਦਿਆ ਹਾਸਿਲ ਕਰ ਸਕਦਾ ਹੈ। ਅੱਜ ਮਨੁੱਖ ਨੂੰ ਇੰਨਾ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਧਰਮ ਅਪਣਾ ਸਕਦਾ ਹੈ। ਮਨੁੱਖੀ ਅਧਿਕਾਰਾਂ ਵਿਚ ਸਮਾਨਤਾ, ਨਿਰ-ਸੰਕੋਚ ਬੋਲਣਾ ਅਤੇ ਵਿਚਾਰ ਰੱਖਣਾ, ਵੋਟ ਪਾਉਣ ਦਾ ਅਧਿਕਾਰ ਆਦਿ ਸਭ ਨੂੰ ਪਹਿਲ ਦਿੱਤੀ ਜਾਂਦੀ ਹੈ ਇਹ ਮਨੱੁਖੀ ਅਧਿਕਾਰ ਹੀ ਹਨ, ਜੋ ਵਿਅਕਤੀ ਨੂੰ ਆਪਣੀ ਨਿੱਜੀ ਜ਼ਿੰਦਗੀ ਜੀਉਣ ਲਈ ਸੁਤੰਤਰਤਾ ਪ੍ਰਦਾਨ ਕਰਦੇ ਹਨ। ਅੱਜ ਦਾ ਮਨੁੱਖ ਆਪਣਾ ਜੀਵਨ ਆਪਣੀ ਮਰਜ਼ੀ ਨਾਲ ਜੀ ਸਕਦਾ ਹੈ। ਇਸ ਖ਼ਾਸ ਮੌਕੇ ਪਿ੍ਰੰਸੀਪਲ ਡਾ. ਕਿਰਨਜੀਤ ਰੰਧਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੇਸ਼ ਦੇ ਚੰਗੇ ਨਾਗਰਿਕ ਹੋਣ ਦੇ ਨਾਤੇ ਸਾਡਾ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮੌਲਿਕ ਅਧਿਕਾਰਾਂ ਤੋਂ ਸੁਚੇਤ ਹੋਈਏ, ਪਰੰਤੂ ਇਸਦੇ ਨਾਲ ਹੀ ਸਾਨੂੰ ਆਪਣੀਆਂ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਹੁੰਦੇ ਹੋਏ ਆਪਣੇ ਕਰਤੱਵਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿ ਕੇ ਹਰ ਗਤੀਵਿਧੀ 'ਤੇ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਹਨ।