ਅਰਸ਼ਦੀਪ ਸਿੰਘ, ਕਪੂਰਥਲਾ : ਮਾਨਵ ਵਿਕਾਸ ਸੰਸਥਾਨ ਵੱਲੋਂ ਆਈਟੀਸੀ ਮਿਸ਼ਨ ਸੁਨਹਿਰਾ ਕੱਲ੍ਹ ਪ੍ਰਰੋਗਰਾਮ ਤਹਿਤ ਪਿੰਡ ਨੂਰਪੁਰ ਲੁਬਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਇਕ ਰੋਜ਼ਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਇਸ ਸਮਾਗਮ ਵਿਚ ਏਡੀਸੀ (ਵਿਕਾਸ) ਅਵਤਾਰ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਦੂਸ਼ਿਤ ਹੋਣੋਂ ਬਚਾਉਣ ਲਈ ਗੁਰੂ ਨਾਨਕ ਦੇਵ ਜੀ ਦੀਆਂ ਹਵਾ, ਪਾਣੀ ਅਤੇ ਧਰਤੀ ਦੇ ਮਹੱਤਵ ਬਾਰੇ ਦਿੱਤੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਵਾਤਾਵਰਨ ਦੀ ਸਵੱਛਤਾ ਸਬੰਧੀ ਬੱਚਿਆਂ ਦੇ ਪੇਂਟਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਕਾਂਜਲੀ, ਖੀਰਾਂਵਾਲੀ, ਖੁਖਰੈਣ ਅਤੇ ਨੂਰਪੁਰ ਲੁਬਾਣਾ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਨਵਦੀਪ ਕੌਰ, ਸੂਰਜ ਉਪਾਧਿਆਏ, ਗੌਤਮ ਅਤੇ ਡਾ. ਅਮਿਤ ਸਲਾਰੀਆ ਨੇ ਨਿਭਾਈ। ਜੇਤੂ ਬੱਚਿਆਂ ਨੂੰ ਮੁੱਖ ਮਹਿਮਾਨ ਸ. ਅਵਤਾਰ ਸਿੰਘ ਭੁੱਲਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਰਾਲੀ ਦੀ ਸਾਂਭ-ਸੰਭਾਲ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਨੂੰ ਵੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਸਕੂਲ ਦੇ ਪਿ੍ਰੰਸੀਪਲ ਪੁਨੀਤ ਪੁਰੀ ਨੇ ਮੁੱਖ ਮਹਿਮਾਨ ਤੇ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ ਦਾ ਸਵਾਗਤ ਕੀਤਾ। ਇਸ ਮੌਕੇ ਮਾਨਵ ਵਿਕਾਸ ਸੰਸਥਾਨ ਵੱਲੋਂ ਰਾਜਵੀਰ ਸਿੰਘ ਨੇ ਸਮਾਗਮ ਦੇ ਮੁੱਖ ਉਦੇਸ਼ 'ਤੇ ਚਾਨਣਾ ਪਾਉਂਦਿਆਂ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਅਤੇ ਇਸ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕਰਨ ਨੂੰ ਕਿਹਾ। ਸਟੇਜ ਸਕੱਤਰ ਦੀ ਭੂਮਿਕਾ ਬਲਵਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਮਾਨਵ ਵਿਕਾਸ ਸੰਸਥਾਨ ਵੱਲੋਂ ਹੀਰਾ, ਜਬਵੀਰ ਕੌਰ, ਕੁਲਦੀਪ ਸਿੰਘ, ਮੁਨੀਸ਼ ਕੁਮਾਰ ਅਤੇ ਕੋਮਲਪ੍ਰਰੀਤ ਸਿੰਘ ਅਤੇ ਹੋਰ ਹਾਜ਼ਰ ਸਨ।