ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਸਾਇੰਸ ਸਿਟੀ ਵਿਖੇ ਊਰਜਾ ਦੀ ਰੱਖ-ਰਖਾਅ ਤੇ ਬਚਤ ਦਿਵਸ ਮਨਾਇਆ ਗਿਆ। ਮੁੜ-ਨਵਿਆਉਣਯੋਗ ਊਰਜਾ ਦੇ ਸਰੋਤਾਂ ਪੱਖੋਂ ਭਾਰਤ ਇਕ ਅਮੀਰ ਦੇਸ਼ ਹੈ। ਭਾਰਤ ਸਰਕਾਰ ਵਲੋਂ ਇਨ੍ਹਾਂ ਸਰੋਤਾਂ ਦੀ ਵਰਤੋਂ ਨੂੰ ਵਧਾਉਣ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਭਾਰਤ ਦੀ ਸਮੱਰਥਾ 3.75 ਲੱਖ ਮੈਗਾ ਵਾਟ ਬਿਜਲੀ ਪੈਦਾ ਕਰਨ ਦੀ ਹੈ। ਇਸ ਵਿਚੋਂ 55 ਫ਼ੀਸਦੀ ਕੋਲੇ ਤੋਂ, 12 ਫ਼ੀਸਦੀ ਪਾਣੀ ਤੋਂ ਅਤੇ 22 ਫ਼ੀਸਦੀ ਮੁੜ-ਨਵਿਆਉਣਯੋਗ ਊਰਜਾ ਦੇ ਸਾਧਨਾਂ ਤੋਂ ਪ੍ਰਰਾਪਤ ਕੀਤੀ ਜਾਂਦੀ ਹੈ। ਭਾਰਤ 'ਚ ਊਰਜਾ ਦੀ ਵਰਤੋਂ ਸਿਖਰ ਤੇ ਸਭ ਤੋਂ ਹੇਠਲੇ ਦੇ ਬਿੰਦੂ 15-20 ਫ਼ੀਸਦੀ ਦਾ ਫਰਕ ਦੇਖਿਆ ਜਾ ਰਿਹਾ ਹੈ। ਇਹ ਜਾਣਕਾਰੀ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਦੇ ਕਾਰਜਾਰੀ ਡੀਨ ਰਿਸਰਚ ਅਤੇ ਇਨੋਵੇਸ਼ਨ ਨੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸਹਿਯੋਗ ਨਾਲ ਊਰਜਾ ਦੇ ਰੱਖ-ਰਖਾਵ ਸੰਬਧੀ ਮਨਾਏ ਗਏ ਦਿਵਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਊਰਜਾ ਸੁਰੱਖਿਆ ਦੇ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਦੇ ਬਾਵਜੂਦ 15 ਤੋਂ 20 ਫੀਸਦੀ ਦਾ ਫਰਕ ਇਕ ਬਹੁਤ ਵੱਡਾ ਪ੍ਰਸ਼ਨ ਹੈ। ਇਸ ਦੀ ਭਰਪਾਈ ਲਈ ਜ਼ਰੂਰੀ ਹੈ ਕਿ ਊਰਜਾ ਦੀ ਬਚਤ, ਪ੍ਰਬੰਧ ਤੇ ਯੋਜਨਬੰਦੀ ਬਹੁਤ ਜ਼ਰੂਰੀ ਹੈ। ਊਰਜਾ ਸਮਰਥਾ ਭਾਵ ਬਚਤ ਦਾ ਭਾਵ ਹੈ, ਘੱਟ ਊਰਜਾ ਦੀ ਵਰਤੋਂ ਨਾਲ ਵੱਧ ਤੋਂ ਵੱਧ ਕੰਮ ਕਰਨਾ ਤੇ ਲਾਭ ਲੈਣਾ ਹੈ। ਊਰਜਾ ਦੀ ਬਚਤ ਦੇ ਨਤੀਜੇ ਵਜੋਂ ਸਮੱਰਥਾ ਵਿਚ ਆਏ ਸੁਧਾਰ ਨੂੰ ਹੀ ਊਰਜਾ ਦਾ ਰੱਖ-ਰਖਾਅ ਕਿਹਾ ਜਾਂਦਾ ਹੈ। ਰੱਖ-ਰਖਾਅ ਦਾ ਮਤਬਲ ਹੀ ਊਰਜਾ ਦੀ ਬਚਤ ਹੈ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸੂਰਜੀ ਊਰਜਾ ਦੇ ਨਾਲ ਬਿਜਲੀ ਦੇ 20 ਫੀਸਦੀ ਵਖਰੇਵੇਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਥਰਮ ਪਲਾਂਟ ਪੂਰੀ ਤਰ੍ਹਾਂ ਕੋਲੇ 'ਤੇ ਨਿਰਭਰ ਕਰਦੇ ਹਨ ਅਤੇ ਬਹੁਤ ਮਹਿੰਗੇ ਹੋਣ ਦੇ ਨਾਲ-ਨਾਲ ਪ੍ਰਦੂਸ਼ਣ ਵੀ ਵਧੇਰੇ ਮਾਤਰਾ ਵਿਚ ਕਰਦੇ ਹਨ। ਪਣ ਬਿਜਲੀ ਦੇ ਪਲਾਟ ਵੀ ਹਰੇਕ ਸਥਾਨ 'ਤੇ ਨਹੀਂ ਲਗਾਏ ਜਾ ਸਕਦੇ। ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਲੱਗਭਗ ਹਰੇਕ ਜਗ੍ਹਾ 'ਤੇ ਮੌਜੂਦ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀ ਸਾਰੀ ਜਾਣਕਾਰੀ ਦਿੰਦਾ ਹੈ, ਰਾਜ ਪੱਧਰੀ ਸਾਇੰਸ ਸਿਟੀ ਦਾ ਊਰਜਾ ਪਾਰਕ। ਇੱਥੇ ਤਿੰਨ ਏਕੜ ਵਿਚ ਇਕ ਰਾਜ ਪੱਧਰੀ ਊਰਜਾ ਪਾਰਕ ਬਣਾਇਆ ਗਿਆ ਹੈ। ਇਸ ਪਾਰਕ ਵਿਚ ਪੂਰੀ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿਚ ਇਕ 100 ਕਿਲੋ ਵਾਟ ਦਾ ਸੂਰਜੀ ਊਰਜਾ ਪਲਾਂਟ ਵੀ ਲਗਾਇਆ ਗਿਆ ਜਿੱਥੋਂ ਸਾਇੰਸ ਸਿਟੀ ਵਿਖੇ ਵਰਤੀ ਜਾਣ ਵਾਲੀ ਕੁਲ ਬਿਜਲੀ ਦਾ 20 ਫੀਸਦੀ ਹਿੱਸਾ ਲਿਆ ਜਾਂਦਾ ਹੈ। ਇਸ ਮੌਕੇ ਪੰਜਾਬ ਊਰਜਾ ਵਿਕਾਸ ਏਜੰਸੀ ਚੰਡੀਗੜ੍ਹ ਤੋਂ ਆਪ੍ਰਰੇਸ਼ਨ ਮੈਨੇਜਰ ਸ਼ਰਦ ਸ਼ਰਮਾ ਨੇ ਬੱਚਿਆਂ ਨੂੰ ਊਰਜਾ ਦੀ ਬੱਚਤ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਹੋਏ ਪ੍ਰਰਾਜੈਕਟ ਮਾਡਲ ਮੁਕਾਬਲੇ ਵਿਚ ਪਹਿਲਾ ਇਨਾਮ ਲੁਧਿਆਣਾ ਦੇ ਬੀਸੀਐੱਮ ਪਬਲਿਕ ਸਕੂਲ (ਪੋ੍ਜੈਕਟ ਨਾਮ ਊਰਜਾ ਨੂੰ ਬਚਾਉਣ ਦੇ ਤਰੀਕੇ) ਨੇ ਪਹਿਲਾ ਸਥਾਨ, ਬਰਨਾਲਾ ਦੇ ਵਾਈ ਐੱਸ ਪਬਲਿਕ ਸਕੂਲ (ਪੋ੍ਜੈਕਟ ਨਾਮ ਊਰਜਾ ਦਾ ਰੱਖ-ਰਖਾਵ) ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਮਲੋਅ ਚੰਡੀਗੜ੍ਹ ਨੇ ਤੀਜਾ ਇਨਾਮ ਜਿੱਤਿਆ। ਇਸ ਤੋਂ ਇਲਾਵਾ

ਊਰਜਾ ਦੀ ਬਚਤ ਤੇ ਅਧਾਰਤ ਪਲੇਅ ਮੁਕਾਬਲੇ 'ਚ ਪਹਿਲਾ ਇਨਾਮ ਡਿਪਸ ਸਕੂਲ ਮਕਸੂਦਾ ਜਲੰਧਰ ਨੇ, ਦੂਜਾ ਵਾਈ ਐੱਸ. ਪਬਲਿਕ ਸਕੂਲ ਬਰਨਾਲਾ ਨੇ ਅਤੇ ਤੀਜਾ ਇਨੋਸੇਂਟ ਹਾਰਟਸਕੂਲ ਲੌਹਾਰਾ ਜਲੰਧਰ ਨੇ ਜਿੱਤਿਆ।