ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਐਰੀ ਤੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ. ਕੰਵਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਹਰਕਮਲਪਿ੍ਰਤਪਾਲ ਸਿੰਘ ਭਰੋਤ ਬਲਾਕ ਖੇਤੀਬਾੜੀ ਅਫ਼ਸਰ ਤੇ ਡਾ. ਵਿਸ਼ਾਲ ਕੌਸ਼ਲ ਏਡੀਓ ਬਲਾਕ ਕਪੂਰਥਲਾ ਵਲੋਂ ਕਣਕ ਦੀ ਫਸਲ ਅਤੇ ਪੀਲੀ ਕੁੰਗੀ ਦੇ ਹਮਲੇ ਦੇ ਸਰਵੇਖਣ ਲਈ ਬਲਾਕ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਬਲਾਕ ਖੇਤੀਬਾੜੀ ਅਫ਼ਸਰ ਡਾ. ਭਰੋਤ ਨੇ ਦੱਸਿਆ ਕਿ ਪਿੰਡ ਧੰਮ, ਕੋਕਲਪੁਰ ਵਿਚ ਪੀਲੀ ਕੁੰਗੀ ਦਾ ਹਮਲਾ ਧੋੜੀਆਂ ਵਿਚ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ 'ਤੇ ਪੀਲੇ ਧੱਬੇ ਲੰਬੀਆਂ ਧਾਰੀਆਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ, ਜਿਨ੍ਹਾਂ 'ਤੇ ਪੀਲਾ ਹਲਦੀ ਨੁਮਾ ਧੂੜਾ ਨਜ਼ਰ ਆਉਂਦਾ ਹੈ। ਜੇਕਰ ਬਿਮਾਰੀ ਵਾਲੇ ਪੱਤਿਆਂ ਨੂੰ ਛੂਹਿਆ ਜਾਵੇ ਤਾਂ ਹਲਦੀ ਨੁਮਾ ਧੂੜਾ ਉਂਗਲੀਆਂ 'ਤੇ ਲੱਗਦਾ ਹੈ। ਇਸ ਹਲਦੀ ਨੁਮਾ ਧੂੜੇ ਤੋਂ ਹੀ ਪੀਲੀ ਕੁੰਗੀ ਦੀ ਪਹਿਚਾਨ ਕੀਤੀ ਜਾ ਸਕਦੀ ਹੈ। ਇਹ ਧੂੜਾ ਹਵਾ ਨਾਲ ਨੇੜੇ-ਤੇੜੇ ਦੇ ਖੇਤਾਂ ਵਿਚ ਵੀ ਫੈਲ ਜਾਂਦਾ ਹੈ। ਜਿਸ ਨਾਲ ਬਿਮਾਰੀ ਦੂਰ ਤੱਕ ਫੈਲ ਜਾਂਦੀ ਹੈ। ਇਸ ਮੌਕੇ ਡਾ. ਵਿਸ਼ਾਲ ਕੌਸ਼ਲ ਏਡੀਓ ਨੇ ਦੱਸਿਆ ਕਿ ਬਿਮਾਰੀ ਨਜ਼ਰ ਆਉਣ 'ਤੇ 120 ਗ੍ਰਾਮ ਨਟੀਵੋ, 75 ਡਬਲਯੂ ਜਾਂ 200 ਮਿਲੀਲੀਟਰ ਟਿਲਟ 25 ਈਸੀ, ਸ਼ਾਈਨ 25ਈਸੀ, ਬੰਪਰ 25ਈਸੀ, ਸਟਿਲਟ 25 ਈਸੀ, ਕੰਮਪਾਸ 25ਈਸੀ, ਮਾਰ ਕਜ਼ੋਲ 25 ਈਸੀ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਿਛੜਕਾਅ ਕਰੋ। ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਧੌੜੀਆਂ 'ਤੇ ਹੀ ਉਲੀਨਾਸ਼ਕਾਂ ਦਾ ਿਛੜਕਾਅ ਕਰਨਾ ਚਾਹੀਦਾ ਹੈ ਅਤੇ ਜੇਕਰ ਲੋੜ ਹੋਵੇ ਤਾਂ ਇਹ ਿਛੜਕਾਅ ਫਿਰ ਦੁਹਰਾਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਜਦੋਂ ਪੀਲੀਆਂ ਧਾਰੀਆਂ ਕਾਲੇ ਰੰਗ ਵਿਚ ਬਦਲ ਜਾਣ ਤਾਂ ਕਿਸੇ ਵੀ ਉਲੀਨਾਸ਼ਕ ਦਾ ਿਛੜਕਾਅ ਨਾ ਕੀਤਾ ਜਾਵੇ। ਇਸ ਮੌਕੇ ਬੀਟੀਐੱਮ ਸਿਮਰਜੀਤ ਸਿੰਘ, ਪ੍ਰਭਦੀਪ ਸਿੰਘ, ਪਵਨਦੀਪ ਸਿੰਘ, ਜਗਜੀਤ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ, ਲਖਵਿੰਦਰ ਸਿੰਘ, ਬੂਟਾ ਸਿੰਘ, ਬਖਸ਼ੀਸ਼ ਸਿੰਘ, ਸੁਰਿੰਦਰ ਸਿੰਘ ਅਤੇ ਕਿਸਾਨ ਹਾਜ਼ਰ ਸਨ।